ਰਾਮ ਗੋਪਾਲ ਰਾਏਕੋਟੀ
ਰਾਏਕੋਟ, 27 ਮਾਰਚ
ਥਾਣਾ ਸਦਰ ਰਾਏਕੋਟ ਤਹਿਤ ਪੈਂਦੀ ਪੁਲੀਸ ਚੌਕੀ ਜਲਾਲਦੀਵਾਲ ਵਿਚ ਕਬੂਤਰ ਚੋਰੀ ਦੇ ਦੋਸ਼ਾਂ ਹੇਠ ਦੋ ਨਾਬਾਲਗ ਲੜਕਿਆਂ ਨੂੰ ਕਥਿਤ ਤੌਰ ’ਤੇ 8-9 ਦਿਨ ਨਾਜਾਇਜ਼ ਤੌਰ ’ਤੇ ਹਿਰਾਸਤ ਵਿੱਚ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਮੁਤਾਬਕ ‘ਪੁਲੀਸ ਤਸ਼ੱਦਦ’ ਨਾਲ ਇਕ ਲੜਕੇ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ। ਮਾਮਲੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੱਤਰਕਾਰਾਂ ਦੀ ਟੀਮ ਨੇ ਜਦ ਪੁਲੀਸ ਚੌਕੀ ਜਲਾਲਦੀਵਾਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਦੋਵੇਂ ਨੌਜਵਾਨ ਹਵਾਲਾਤ ਵਿੱਚ ਬੰਦ ਸਨ, ਜਿਨ੍ਹਾਂ ਵਿੱਚੋਂ ਇਕ ਨੌਜਵਾਨ ਬੇਮਤਲਬ ਹੀ ਲਗਾਤਾਰ ਬੋਲ ਰਿਹਾ ਸੀ। ਇਸ ਦੀ ਜਾਣਕਾਰੀ ਪੱਤਰਕਾਰਾਂ ਵਲੋਂ ਮੌਕੇ ’ਤੇ ਹੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਪੀੜਤ ਲੜਕੇ ਦੀ ਮਾਤਾ ਹਰਜਿੰਦਰ ਕੌਰ ਤੇ ਦੂਜੇ ਪੀੜਤ ਲੜਕੇ ਦੇ ਪਿਤਾ ਬਚਿੱਤਰ ਸਿੰਘ ਨੇ ਦੱਸਿਆ ਕਿ ਪਿੰਡ ਜਲਾਲਦੀਵਾਲ ਵਿੱਚ ਕਬੂਤਰ ਚੋਰੀ ਹੋਏ ਸਨ। ਪੁਲੀਸ ਪਿਛਲੇ ਹਫ਼ਤੇ ਉਨ੍ਹਾਂ ਦੇ ਨਾਬਾਲਗ ਲੜਕਿਆਂ ਨੂੰ ਘਰੋਂ ਚੁੱਕ ਕੇ ਜਲਾਲਦੀਵਾਲ ਦੀ ਪੁਲੀਸ ਚੌਕੀ ਲੈ ਆਈ ਸੀ ਪਰ ਇੱਕ ਹਫ਼ਤੇ ਤੋਂ ਜ਼ਿਆਦਾ ਸਮਾਂ ਬੀਤਣ ਤੋਂ ਬਾਅਦ ਵੀ ਪੁਲੀਸ ਵਲੋਂ ਨਾ ਤਾਂ ਕਾਬੂ ਕੀਤੇ ਗਏ ਲੜਕਿਆਂ ’ਤੇ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਹੀ ਘਰ ਵਾਪਸ ਭੇਜਿਆ ਗਿਆ। ਮਾਪਿਆਂ ਨੇ ਦੋਸ਼ ਲਾਇਆ ਕਿ ਬੱਚਿਆਂ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਲੜਕਿਆਂ ਦਾ ਡਾਕਟਰੀ ਮੁਆਇਨਾ ਕਰਵਾਉਣ ਦੀ ਵੀ ਮੰਗ ਕੀਤੀ।
ਲੜਕਿਆਂ ਨੂੰ ਹਿਰਾਸਤ ’ਚ ਰੱਖਣ ਬਾਰੇ ਸਪੱਸ਼ਟ ਜਵਾਬ ਨਹੀਂ ਦੇ ਸਕੀ ਪੁਲੀਸ
ਉੱਚ ਪੁਲੀਸ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਜਦ ਪੁਲੀਸ ਚੌਕੀ ਵਿਚ ਥਾਣਾ ਸਦਰ ਦੇ ਇੰਚਾਰਜ ਅਜੈਬ ਸਿੰਘ ਅਤੇ ਚੌਕੀ ਇੰਚਾਰਜ ਪਹਾੜਾ ਸਿੰਘ ਨੂੰ ਨਾਬਾਲਗ ਲੜਕਿਆਂ ਨੂੰ ਨਜਾਇਜ਼ ਤੌਰ ’ਤੇ ਪੁਲੀਸ ਹਿਰਾਸਤ ਵਿੱਚ ਰੱਖਣ ਸਬੰਧੀ ਪੁੱਛਿਆ ਗਿਆ ਤਾਂ ਉਹ ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਮਾਮਲਾ ਵੱਧਦਾ ਦੇਖ ਕੇ ਅੱਜ ਪੁਲੀਸ ਵਲੋਂ ਥਾਣਾ ਸਦਰ ਵਿੱਚ ਪਿੰਡ ਦੇ ਕੁਝ ਮੋਹਤਬਰਾਂ ਦੀ ਜ਼ਿੰਮੇਵਾਰੀ ’ਤੇ ਦੋਵਾਂ ਲੜਕਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰ ਦਿੱਤਾ ਗਿਆ। ਪੀੜਤ ਲੜਕਿਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਲੜਕਿਆਂ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰੀ ਜਾਂਚ ਲਈ ਰਾਏਕੋਟ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਹੈ।