ਖੇਤਰੀ ਪ੍ਰਤੀਨਿਧ
ਪਟਿਆਲਾ, 16 ਅਪਰੈਲ
ਵਿਜੀਲੈਂਸ ਬਿਊਰੋ ਪਟਿਆਲਾ ਨੇ ਥਾਣਾ ਸਿਟੀ ਸਮਾਣਾ ਦੇ ਐੱਸਐੱਚਓ ਕਰਨਵੀਰ ਸਿੰਘ ਸਣੇ ਦੋ ਹੋਰ ਪੁਲੀਸ ਮੁਲਾਜ਼ਮਾਂ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠਾਂ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਗਈ। ਪੁਲੀਸ ਦੇ ਹੱਥ ਚੜ੍ਹੇ ਦੋ ਹੋਰ ਮੁਲਾਜ਼ਮਾਂ ਵਿਚੋਂ ਹੌਲਦਾਰ ਮੱਖਣ ਸਿੰਘ ਤੇ ਪੰਜਾਬ ਹੋਮਗਾਰਡ ਦਾ ਜਵਾਨ ਵਿਰਸਾ ਸਿੰਘ ਸ਼ਾਮਲ ਹਨ। ਵਿਜੀਲੈਂਸ ਬਿਊਰੋ ਪਟਿਆਲਾ ਦੇ ਐੱਸਐੱਸਪੀ ਵਜੋਂ ਕਾਰਜਸ਼ੀਲ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਰਿਸ਼ਵਤਖੋਰੀ ਦਾ ਮਾਮਲਾ ਵਿਜੀਲੈਂਸ ਬਿਊਰੋ ਪਟਿਆਲਾ ਦੇ ਹੀ ਡੀਐੱਸਪੀ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬੇਨਕਾਬ ਕੀਤਾ ਹੈ। ਥਾਣਾ ਸਮਾਣਾ ਸਿਟੀ ਵਿਚ ਸੰਦੀਪ ਕੁਮਾਰ ਦੇ ਖ਼ਿਲਾਫ਼ ਲੜਾਈ-ਝਗੜੇ ਦਾ ਇੱਕ ਕੇਸ ਦਰਜ ਹੋਇਆ ਸੀ। ਇਸ ਵਿਚ ਪੜਤਾਲ ਮਗਰੋਂ ਇਰਾਦਾ ਕਤਲ ਦੀ ਧਾਰਾ-307 ਵੀ ਜੋੜ ਦਿੱਤੀ ਗਈ ਸੀ। ਕੇਸ ਵਿੱਚੋਂ ਇਹ ਧਾਰਾ ਹਟਾਉਣ ਲਈ ਹੌਲਦਾਰ ਮੱਖਣ ਸਿੰਘ ਨੇ ਸ਼ਿਕਾਇਤਕਰਤਾ ਧਿਰ ਤੋਂ 50 ਹਜ਼ਾਰ ਦੀ ਮੰਗ ਕੀਤੀ ਤੇ ਸੌਦਾ 25 ਹਜ਼ਾਰ ਵਿੱਚ ਤੈਅ ਹੋ ਗਿਆ। ਇਸ ਵਿੱਚੋਂ ਮੱਖਣ ਸਿੰਘ ਨੇ 3 ਹਜ਼ਾਰ ਆਪਣੇ ਲਈ ਅਤੇ 7 ਹਜ਼ਾਰ ਐੱਸਐੱਚਓ ਲਈ ਲੈ ਲਏ ਸਨ ਜਦੋਂਕਿ ਅੱਜ 13 ਹਜ਼ਾਰ ਰੁਪਏ ਹੋਰ ਲਏ ਜਾ ਰਹੇ ਹਨ। ਡੀਐੱਸਪੀ ਜਤਿੰਦਰਪਾਲ ਸਿੰਘ ਦੀ ਟੀਮ ਨੇ ਹੌਲਦਾਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮਗਰੋਂ ਐੱਸਐੱਚਓ ਤੇ ਹੋਮਗਾਰਡ ਜਵਾਨ ਨੂੰ ਵੀ ਕਾਬੂ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਦੇ ਪਟਿਆਲਾ ਸਥਿਤ ਥਾਣੇ ’ਚ ਦਰਜ ਕੇਸ ’ਚ ਐੱਸਆਈ ਦਰਬਾਰਾ ਸਿੰਘ, ਸਿਪਾਹੀ ਮਨਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ।