ਸ਼ਗਨ ਕਟਾਰੀਆ
ਬਠਿੰਡਾ, 20 ਅਗਸਤ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੂੰ ਪੁਲੀਸ ਵੱਲੋਂ ਚੁੱਕਣ ਦੇ ਵਿਰੋਧ ’ਚ ਅੱਜ ਕਰੀਬ ਦਰਜਨ ਜਥੇਬੰਦੀਆਂ ਵੱਲੋਂ ਇਥੇ ਮਿੰਨੀ ਸਕੱਤਰੇਤ ਅੱਗੇ ਵਰ੍ਹਦੇ ਮੀਂਹ ’ਚ ਪ੍ਰਦਰਸ਼ਨ ਕੀਤਾ ਗਿਆ। ਵਿਖਾਵਾਕਾਰੀ ਲਛਮਣ ਸਿੰਘ ਸੇੇਵੇਵਾਲਾ ਨੂੰ ਲੱਭਣ ਅਤੇ ਦੋਸ਼ੀਆਂ ਖ਼ਿਲਾਫ਼ ਅਗਵਾ ਕਰਨ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜਨ ਕਰਨ ਦੀ ਮੰਗ ਕਰ ਰਹੇ ਹਨ। ਵਿਖਾਵਾਕਾਰੀਆਂ ਨੇ ਆਖਿਆ ਕਿ ਜੇ ਪੁਲੀਸ ਨੇ ਸ੍ਰੀ ਸੇਵੇਵਾਲਾ ਨੂੰ ਹਿਰਾਸਤ ’ਚ ਲਿਆ ਹੈ ਤਾਂ ਹੁਣ ਤੱਕ ਉਸ ਦੇ ਪਰਿਵਾਰ ਨੂੰ ਸੂਚਨਾ ਕਿਉਂ ਨਹੀਂ ਦਿੱਤੀ ਗਈ? ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਵਫ਼ਦ ਦੀ ਐੱਸਪੀ (ਡੀ) ਨਾਲ ਵੀ ਗੱਲਬਾਤ ਹੋਈ ਹੈ। ਪੁਲੀਸ ਅਧਿਕਾਰੀ ਨੇ ਸੇਵੇਵਾਲਾ ਬਾਰੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਵਿਖਾਵੇ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੇਵਕ ਸਿੰਘ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਆਗੂ ਹਰਿੰਦਰ ਕੌਰ ਬਿੰਦੂ, ਨੌਜਵਾਨ ਭਾਰਤ ਸਭਾ ਦੇ ਸਰਬਜੀਤ ਮੌੜ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਰੇਸ਼ਮ ਸਿੰਘ ਜੀਦਾ, ਜਲ ਸਪਲਾਈ ਤੇ ਸੈਨੀਟੇਸ਼ਨ ਕਰਮਚਾਰੀ ਯੂਨੀਅਨ ਦੇ ਸੰਦੀਪ ਖ਼ਾਨ, ਸਾਹਿਤ ਸਭਾ ਬਠਿੰਡਾ ਦੇ ਜਸਪਾਲ ਮਾਨਖੇੜਾ, ਸਾਹਿਤ-ਸੱਭਿਆਚਾਰ ਮੰਚ ਬਠਿੰਡਾ ਦੇ ਕਹਾਣੀਕਾਰੀ ਅਤਰਜੀਤ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ (ਥਰਮਲ) ਬਠਿੰਡਾ ਦੇ ਗੁਰਵਿੰਦਰ ਪਨੂੰ, ਜਮਹੂਰੀ ਅਧਿਕਾਰ ਸਭਾ ਦੇ ਪ੍ਰਿਤਪਾਲ ਸਿੰਘ ਨੁਮਾਇੰਦੇ ਸ਼ਾਮਲ ਹਨ।