ਨਵਕਿਰਨ ਸਿੰਘ
ਮਹਿਲ ਕਲਾਂ, 23 ਅਪਰੈਲ
ਪੰਜਾਬ ਵਿੱਚ ਪਿਛਲੀ ਸਰਕਾਰ ਸਮੇਂ ਸਿਆਸੀ ਸਰਪ੍ਰਸਤੀ ਕਾਰਨ ਔਰਬਿਟ ਟਰਾਂਸਪਰੋਟ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਅੱਜ ਪੁਲੀਸ ਥਾਣਾ ਮਹਿਲ ਕਲਾਂ ਵੱਲੋਂ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ’ਤੇ ਔਰਬਿਟ ਟਰਾਂਸਪੋਰਟ ਦੀ ਬੱਸ ਥਾਣੇ ਬੰਦ ਕਰ ਦਿੱਤੀ ਗਈ ਜਦਕਿ ਬੱਸ ਦੇ ਡਰਾਈਵਰ, ਕੰਡਕਟਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੁਲੀਸ ਥਾਣਾ ਮਹਿਲ ਕਲਾਂ ਵੱਲੋਂ ਪੰਜਾਬ ਸਰਕਾਰ ਦੇ ਕਰੋਨਾ ਮਹਾਮਾਰੀ ਸਬੰਧੀ ਨਿਯਮਾਂ ਤਹਿਤ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਬਰਨਾਲਾ ਵਾਲੇ ਪਾਸੇ ਤੋਂ ਲੁਧਿਆਣਾ ਜਾਣ ਵਾਲੀ ਔਰਬਿਟ ਟਰਾਂਸਪਸੋਰਟ ਬਠਿੰਡਾ ਦੀ ਬੱਸ (ਪੀਬੀ03ਏਪੀ9976) ਵਿੱਚ ਪੰਜਾਹ ਫੀਸਦ ਦੀ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਈਆਂ ਹੋਈਆਂ ਸਨ। ਜਾਣਕਾਰੀ ਅਨੁਸਾਰ 59 ਸੀਟਾਂ ਵਾਲੀ ਬੱਸ ਵਿੱਚ 41 ਸਵਾਰੀਆਂ ਸਵਾਰ ਸਨ, ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਵੱਲੋਂ ਬੱਸ ਨੂੰ ਥਾਣੇ ਲਿਜਾ ਕਾਰਵਾਈ ਕੀਤੀ ਗਈ ਹੈ।
ਪੁਲੀਸ ਥਾਣਾ ਮਹਿਲ ਕਲਾਂ ਦੇ ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਕੋਵਿਡ-19 ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ’ਤੇ ਔਰਬਿਟ ਬੱਸ ਦੇ ਡਰਾਈਵਰ ਜਗਮੀਤ ਸਿੰਘ ਵਾਸੀ ਲਹਿਰਾ ਮੁਹੱਬਤ ਅਤੇ ਕੰਡਕਟਰ ਜਸਵੀਰ ਸਿੰਘ ਵਾਸੀ ਬਠਿੰਡਾ ਖ਼ਿਲਾਫ਼ ਆਈਪੀਸੀ ਦੀ ਧਾਰਾ-188 ਤੇ ਡਾਇਜਸਟਰ ਮੈਨੇਜਮੈਂਟ ਐਕਟ-2005 ਦੀ ਧਾਰਾ-51 ਤਹਿਤ ਕੇਸ ਦਰਜ ਕਰਨ ਮਗਰੋਂ ਦੋਵਾਂ ਨੂੰ ਮੌਕੇ ’ਤੇ ਜ਼ਮਾਨਤ ਦੇ ਦਿੱਤੀ ਗਈ, ਜਦਕਿ ਬੱਸ ਨੂੰ ਥਾਣੇ ਬੰਦ ਕੀਤਾ ਗਿਆ ਹੈ।
ਪਿਛਲੇ ਚਾਰ ਸਾਲ ਤੋਂ ਸਰਕਾਰ ਬਦਲਣ ਬਾਅਦ ਵੀ ਪੁਲੀਸ ਔਰਬਿਟ ਬੱਸਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਟਲਦੀ ਰਹੀ ਹੈ ਪਰ ਅੱਜ ਮਹਿਲ ਕਲਾਂ ਪੁਲੀਸ ਵੱਲੋਂ ਕੀਤੀ ਗਈ ਇਸ ਕਾਰਵਾਈ ਬਾਅਦ ਇਲਾਕੇ ਵਿੱਚ ਇਸ ਕਾਰਵਾਈ ਦੀ ਚਰਚਾ ਛਿੜੀ ਹੋਈ ਹੈ।