ਪੱਤਰ ਪ੍ਰੇਰਕ
ਲੰਬੀ, 22 ਮਾਰਚ
ਪਿੰਡ ਮਹਿਣਾ ਵਿੱਚ ਕੌਮੀ ਸ਼ਾਹ ਰਾਹ-9 ’ਤੇ ਪੁਲੀਸ ਮੁਲਾਜ਼ਮਾਂ ਦੀ ਕਾਰ ਵੱਲੋਂ ਸਾਹਮਣਿਓਂ ਆਉਂਦੀ ਮਾਰੂਤੀ ਕਾਰ ਨਾਲ ਹੋਈ ਟੱਕਰ ਵਿੱਚ ਮਾਰੂਤੀ ਕਾਰ ’ਚ ਸਵਾਰ ਐੱਮਬੀਬੀਐੱਸ ਡਾਕਟਰ ਦੀ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ ਮੁਲਾਜ਼ਮਾਂ ਦੀ ਸਵਿਫ਼ਟ ਕਾਰ ਨੇ ਤੇਜ਼ੀ ਨਾਲ ਟਰੱਕ ਨੂੰ ਓਵਰਟੇਕ ਕਰ ਕੇ ਗ਼ਲਤ ਪਾਸੇ ਆ ਕੇ ਡਾਕਟਰ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਡਾਕਟਰ ਦੀ ਸੱਸ ਸੁਨੀਤਾ ਰਾਣੀ ਮੁਤਾਬਕ ਡੱਬਵਾਲੀ ਵਾਸੀ ਐੱਮਬੀਬੀਐਸ ਡਾਕਟਰ ਯੈਕੀ ਸ੍ਰੀਵਾਸਤਵ ਲੰਬੀ ਵਿੱਚ ਨਿੱਜੀ ਪ੍ਰੈਕਟਿਸ ਕਰਦਾ ਸੀ। ਚਸ਼ਮਦੀਦ ਗੁਰਮੇਜ ਸਿੰਘ ਮਹਿਣਾ ਅਨੁਸਾਰ ਕਾਰ ਵਿੱਚ ਚਾਰ ਪੁਲੀਸ ਮੁਲਾਜ਼ਮ ਸਵਾਰ ਸਨ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਪਿੰਡ ਵਾਸੀਆਂ ਨੇ ਸਵਿਫ਼ਟ ਕਾਰ ’ਚ ਗੁਰਪ੍ਰੀਤ ਸਿੰਘ ਨਾਂ ਦੇ ਪੁਲੀਸ ਮੁਲਾਜ਼ਮ ਦੀ ਵਰਦੀ, ਸ਼ਰਾਬ ਦੀ ਬੋਤਲ ਵੀ ਵਿਖਾਈ। ਥਾਣਾ ਮੁਖੀ ਚੰਦਰ ਸ਼ੇਖਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਮੁਲਾਜ਼ਮ ਪੁਲੀਸ ਲਾਈਨ ’ਚ ਤਾਇਨਾਤ ਹੈ।