ਗੁਰਬਖਸ਼ਪੁਰੀ
ਤਰਨ ਤਾਰਨ, 8 ਦਸੰਬਰ
ਪੰਜਾਬੀ ਗਾਇਕਾ ਸੋਨੀ ਮਾਨ ਦੇ ਸਹਿਯੋਗੀ ਕੰਵਲ ਰਣਬੀਰ ਸਿੰਘ ਬਾਠ ਦੇ ਘਰ ਅੱਗੇ ਬੀਤੇ ਦਿਨ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਨਾਮਜ਼ਦ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਬਠਿੰਡਾ ਵਿੱਚ ਉਸ ਦੇ ਘਰ ਛਾਪਾ ਮਾਰਿਆ ਪਰ ਉਹ ਘਰ ਨਹੀਂ ਮਿਲਿਆ। ਇਸ ਹਮਲੇ ਵਿੱਚ ਬਾਠ ਅਤੇ ਉਸ ਦੇ ਮਾਤਾ-ਪਿਤਾ ਵਾਲ-ਵਾਲ ਬਚ ਗਏ ਸਨ। ਬਾਠ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਸ ਹਮਲੇ ਪਿੱਛੇ ਲੱਖਾ ਸਿਧਾਣਾ ਦਾ ਹੱਥ ਹੈ, ਜਿਸ ’ਤੇ ਪੁਲੀਸ ਨੇ ਲੱਖਾ ਸਿਧਾਣਾ ਸਣੇ 20 ਜਣਿਆਂ ਖ਼ਿਲਾਫ਼ ਸ਼ਹਿਰ ਦੀ ਮਾਸਟਰ ਕਲੋਨੀ ਵਿੱਚ ਗੋਲੀਆਂ ਚਲਾਉਣ ਸਬੰਧੀ ਕੇਸ ਦਰਜ ਕੀਤਾ ਹੈ। ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰਨ ਲਈ ਅੱਜ ਸਥਾਨਕ ਸਬ-ਡਿਵੀਜ਼ਨ ਦੇ ਡੀਐੱਸਪੀ ਬਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਬਠਿੰਡਾ ਸਥਿਤ ਉਸ ਦੇ ਘਰ ਛਾਪਾ ਵੀ ਮਾਰਿਆ ਪਰ ਉਹ ਘਰ ਨਹੀਂ ਮਿਲਿਆ। ਲੱਖਾ ਸਿਧਾਣਾ ਦੇ ਸਿੰਘੂ ਬਾਰਡਰ ’ਤੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੁਲੀਸ ਨੇ ਜਗਦੀਪ ਰੰਧਾਵਾ, ਕਰਨ ਪਾਠਕ ਵਾਸੀ ਢੋਟੀਆਂ ਤੇ ਤੇਜਪ੍ਰਤਾਪ ਸਿੰਘ ਦੀ ਸ਼ਨਾਖ਼ਤ ਕਰ ਲਈ ਹੈ, ਜਦਕਿ ਬਾਕੀਆਂ ਦੀ ਪਛਾਣ ਹੋਣੀ ਹਾਲੇ ਬਾਕੀ ਹੈ। ਬਾਠ ਨੇ ਕਿਹਾ ਕਿ ਉਸ ਵੱਲੋਂ ਲਿਖਿਆ ਇਕ ਗੀਤ ਗਾਇਕਾ ਸੋਨੀ ਮਾਨ ਨੇ ਗਾਇਆ ਸੀ, ਜਿਸ ਦਾ ਲੱਖਾ ਸਿਧਾਣਾ ਤੇ ਜਗਦੀਪ ਰੰਧਾਵਾ ਨੇ ਵਿਰੋਧ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਲੱਖਾ ਸਿਧਾਣਾ ਨੇ ਉਸ ਨੂੰ ਤਿੰਨ ਦਿਨ ਪਹਿਲਾਂ ਫੋਨ ਕਰਕੇ ਇਸ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾ ਲੈਣ ਲਈ ਵੀ ਕਿਹਾ ਸੀ ਤੇ ਇਨਕਾਰ ਕਰਨ ’ਤੇ ਧਮਕੀ ਵੀ ਦਿੱਤੀ ਸੀ। ਡੀਐੱਸਪੀ ਨੇ ਕਿਹਾ ਹੈ ਕਿ ਹਾਲੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਹਾਲਾਂਕਿ ਇਸ ਸਬੰਧ ਵਿੱਚ ਲੱਖਾ ਸਿਧਾਣਾ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ।