ਜੋਗਿੰਦਰ ਸਿੰਘ ਮਾਨ
ਮਾਨਸਾ, 14 ਅਕਤੂਬਰ
ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਨਾਮਜ਼ਦ ਫਰਾਰ ਗੈਂਗਸਟਰ ਦੀਪਕ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਅਤੇ ਜਗਤਾਰ ਸਿੰਘ ਮੂਸਾ ਦਾ ਮਾਨਸਾ ਦੀ ਇੱਕ ਅਦਾਲਤ ਨੇ ਚਾਰ-ਚਾਰ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ। ਦੋਵਾਂ ਨੂੰ ਅਲੱਗ-ਅਲੱਗ ਸਮੇਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਹੁਣ ਇਨ੍ਹਾਂ ਨੂੰ 18 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਮਾਨਸਾ ਦੇ ਸੀਆਈਏ ਥਾਣੇ ਵਿੱਚ ਹੀ ਪੁੱਛ-ਪੜਤਾਲ ਕੀਤੀ ਜਾਵੇਗੀ। ਐੱਸਐੱਸਪੀ ਤੂਰਾ ਨੇ ਦੱਸਿਆ ਕਿ ਜਗਤਾਰ ਸਿੰਘ ਤੋਂ ਰਿਮਾਂਡ ਦੌਰਾਨ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਉਹ ਵਿਦੇਸ਼ ਵਿੱਚ ਕਿਸ ਕੰਮ ਲਈ ਜਾ ਰਿਹਾ ਸੀ। ਉਧਰ ਦੀਪਕ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਤੋਂ ਹੋਰ ਪੁੱਛ-ਪੜਤਾਲ ਕਰਨ ਲਈ ਮਾਨਸਾ ਪੁਲੀਸ ਨੇ 4 ਦਿਨ ਦਾ ਰਿਮਾਂਡ ਲਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਦੀ ਜਾਣਕਾਰੀ ਮੁਤਾਬਕ ਹੀ ਪੰਜਾਬ ਪੁਲੀਸ ਨੇ ਲੁਧਿਆਣਾ ਦੇ ਜਿਮ ਮਾਲਕ ਸਮੇਤ ਤਿੰਨ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ। ਇਹ ਲੜਕੀ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਅੱਜ-ਕੱਲ੍ਹ ਜ਼ੀਰਕਪੁਰ ਵਿਖੇ ਰਹਿੰਦੀ ਦੱਸੀ ਜਾਂਦੀ ਹੈ।
ਜਗਤਾਰ ਦੀ ਮਾਂ ਨੇ ਪੁੱਤਰ ਨੂੰ ਬੇਕਸੂਰ ਦੱਸਿਆ
ਉਧਰ ਸਿੱਧੂ ਮੂਸੇਵਾਲਾ ਦੇ ਘਰ ਦੇ ਐਨ ਸਾਹਮਣੇ ਰਹਿੰਦੀ ਜਗਤਾਰ ਸਿੰਘ ਦੀ ਬਿਰਧ ਮਾਤਾ ਨੇ ਮੁੜ ਆਪਣੇ ਪੁੱਤ ਦੇ ਹੱਕ ਵਿੱਚ ਬੋਲਦਿਆਂ ਉਸ ਨੂੰ ਬੇਕਸੂਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਵਿਦੇਸ਼ ਨਹੀਂ ਸੀ ਭੱਜਿਆ, ਸਗੋਂ ਉਸ ਨੇ 17 ਅਕਤੂਬਰ ਨੂੰ ਦੁਬਈ ਤੋਂ ਵਾਪਸ ਆ ਜਾਣਾ ਸੀ, ਜਿਸ ਦੀ ਬਾਕਾਇਦਾ ਅਧਿਕਾਰੀਆਂ ਨੂੰ ਟਿਕਟ ਵਿਖਾਈ ਗਈ ਹੈ।