ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 21 ਜੁਲਾਈ
ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ ਭਾਰਤ ਪਾਕਿਸਤਾਨ ਸਰਹੱਦ ’ਤੇ ਗੋਲੀਬਾਰੀ ਦੇ ਮਾਮਲੇ ਵਿੱਚ ਬਖਤਰਬੰਦ ਗੱਡੀ ਵਿੱਚ ਬਾਬਾ ਬਕਾਲਾ ਤੋਂ ਇੱਥੇ ਲਿਆਂਦਾ ਗਿਆ। ਦੱਸਣਯੋਗ ਹੈ ਕਿ 28 ਜਨਵਰੀ ਨੂੰ ਭਾਰਤ ਪਾਕਿਸਤਾਨ ਸਰਹੱਦ ’ਤੇ ਪਾਕਿਸਤਾਨੀ ਤਸਕਰਾਂ ਨਾਲ ਹੋਈ ਗੋਲ਼ੀਬਾਰੀ ਵਿੱਚ ਬੀਐੱਸਐੱਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਸੀ। ਇਸ ਦੌਰਾਨ 47 ਕਿੱਲੋ ਹੈਰੋਇਨ, ਦੋ ਪਿਸਤੌਲ ਅਤੇ ਕੁਝ ਵਿਸਫੋਟਕ ਪਦਾਰਥ ਬਰਾਮਦ ਹੋਏ ਸਨ। ਇਸ ਮਾਮਲੇ ਵਿੱਚ ਹਥਿਆਰਾਂ ਦੀ ਬਰਾਮਦਗੀ ਨੂੰ ਲੈ ਕੇ ਜੱਗੂ ਭਗਵਾਨਪੁਰੀਆ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ। ਡੀਐੱਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ 6 ਦਿਨ ਦਾ ਰਿਮਾਂਡ ਲਿਆ ਗਿਆ ਹੈ।
ਰਈਆ (ਪੱਤਰ ਪ੍ਰੇਰਕ): ਇਸੇ ਦੌਰਾਨ ਜੱਗੂ ਨੂੰ ਬਾਬਾ ਬਕਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਗੂ ਭਗਵਾਨਪੁਰੀਆ ਖ਼ਿਲਾਫ਼ ਥਾਣਾ ਬਿਆਸ ਵਿਚ ਸਾਲ 2017 ਵਿੱਚ ਕੇਸ ਦਰਜ ਸੀ। ਉਸ ’ਤੇ ਦੋਸ਼ ਸੀ ਕਿ ਉਸ ਤੇ ਸਾਥੀਆਂ ਨੇ ਰਈਆ ਨੇੜੇ ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕਰਕੇ ਇਕ ਮੁਲਜ਼ਮ ਸ਼ੁਭਮ ਨੂੰ ਛੁਡਾ ਲਿਆ ਸੀ। ਅੱਜ ਰਿਮਾਂਡ ਖ਼ਤਮ ਹੋਣ ’ਤੇ ਜੱਗੂ ਭਗਵਾਨਪੁਰੀਆ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਗੁਰਦਾਸਪੁਰ ਦੀ ਪੁਲੀਸ ਨੇ ਉਸ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ।