ਗਗਨਦੀਪ ਅਰੋੜਾ
ਲੁਧਿਆਣਾ, 29 ਸਤੰਬਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਬਠਿੰਡਾ ਤੋਂ ਲੁਧਿਆਣਾ ਲਿਆਂਦਾ ਗਿਆ। ਉਸ ਨੂੰ ਕਤਲ ਕੇਸ ਵਿਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ 14 ਦਿਨਾਂ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਪੁਲੀਸ ਨੇ ਲਾਰੈਂਸ ਦੀ ਪੇਸ਼ੀ ਨੂੰ ਲੈ ਕੇ ਵੱਡੀ ਗਿਣਤੀ ਵਿਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ। ਲਾਰੈਂਸ ’ਤੇ ਦੋਸ਼ ਹਨ ਕਿ ਉਹ ਸਾਲ 2017 ਦੌਰਾਨ ਮੇਹਰਬਾਨ ਇਲਾਕੇ ਵਿੱਚ ਹਰਵਿੰਦਰ ਸਿੰਘ ਕੇਬਲ ਵਾਲਾ ਦੀ ਹੱਤਿਆ ਵਿਚ ਸ਼ਾਮਲ ਸੀ। ਪੁਲੀਸ ਦਾ ਕਹਿਣਾ ਹੈ ਕਿ ਹਰਵਿੰਦਰ ਸਿੰਘ ਦੇ ਭਤੀਜੇ ਤੇ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਕਿਹਾ ਸੀ ਕਿ ਉਸ ਦੇ ਚਾਚੇ ਦਾ ਕਤਲ ਗੈਂਗਸਟਰਾਂ ਨੇ ਕੀਤਾ ਹੈ ਜਿਸ ਤੋਂ ਬਾਅਦ ਪੁਲੀਸ ਨੇ ਹੁਣ ਇਸ ਕੇਸ ਵਿੱਚ ਲਾਰੈਂਸ ਨੂੰ ਪੁੱਛਗਿੱਛ ਲਈ ਲੁਧਿਆਣਾ ਲਿਆਂਦਾ ਹੈ। ਇਸੇ ਦੌਰਾਨ ਲੁਧਿਆਣਾ ਪੁਲੀਸ ਨੇ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਪਹਿਲਾਂ ਹਥਿਆਰ ਸਪਲਾਈ ਕਰਨ ਵਾਲੇ ਬਲਦੇਵ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਬਲਦੇਵ ਚੌਧਰੀ ਗੋਲਡੀ ਬਰਾੜ ਤੇ ਲਾਰੈਂਸ ਦੇ ਸੰਪਰਕ ਵਿੱਚ ਹੈ। ਪੁਲੀਸ ਨੇ ਬਾਅਦ ਵਿੱਚ ਅਕਾਲੀ ਆਗੂ ਸੰਦੀਪ ਸਿੰਘ ਕਾਹਲੋਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਜਿਸ ’ਤੇ ਦੋਸ਼ ਸਨ ਕਿ ਉਸ ਨੇ ਗੈਂਗਸਟਰਾਂ ਨੂੰ ਬਠਿੰਡਾ ਛੱਡਿਆ ਸੀ। ਹੁਣ ਪੁਲੀਸ ਇਨ੍ਹਾਂ ਦੋਵਾਂ ਨੂੰ ਲਿਆ ਕੇ ਲਾਰੈਂਸ ਸਾਹਮਣੇ ਪੁੱਛਗਿੱਛ ਕਰ ਸਕਦੀ ਹੈ।