ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਕਤੂਬਰ
ਪੁਲੀਸ ਵੱਲੋਂ ਕਿਸਾਨਾਂ ਦਾ ਜਬਰੀ ਚੁੱਕਿਆ ਸਾਮਾਨ ਵਾਪਸ ਕਰਨ ਦੇ ਬਾਵਜੂਦ ਅੱਜ ਸਾਰਾ ਦਿਨ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਧਰਨੇ ਦੌਰਾਨ ਸਰਕਾਰ ਵਿਰੋਧੀ ਨਾਅਰੇ ਗੂੰਜਦੇ ਰਹੇ। ਮਾਨਸਾ ਪੁਲੀਸ ਨੇ ਕਿਸਾਨਾਂ ਦੇ ਧਰਨੇ ਨੂੰ ਨਿਖੇੜਨ ਲਈ ਬੀਤੇ ਦਿਨ ਉਨ੍ਹਾਂ ਦੇ ਬਿਸਤਰੇ, ਭਾਂਡੇ, ਦਰੀਆਂ, ਸਪੀਕਰ ਅਤੇ ਹੋਰ ਸਾਮਾਨ ਚੁੱਕ ਲਿਆ ਸੀ ਪਰ ਕਿਸਾਨਾਂ ਨੇ ਅੱਜ ਬਿਨਾਂ ਸ਼ਰਤ ਤੋਂ ਆਪਣਾ ਸਾਮਾਨ ਪੁਲੀਸ ਕੋਲੋਂ ਵਾਪਸ ਲੈ ਲਿਆ। ਡੀਸੀ ਦੀ ਕੋਠੀ ਅੱਗੇ ਰੋਜ਼ਾਨਾ ਲੱਗਦੇ ਧਰਨੇ ਵਿੱਚ ਅੱਜ ਧਰਨਾਕਾਰੀਆਂ ਨੇ ਮੰਚ ਤੋਂ ਮੁੜ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਤੱਕ ਬਿਰਧ ਮਾਤਾ ਤੇਜ ਕੌਰ ਦੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ, 10 ਲੱਖ ਰੁਪਏ ਮੁਆਵਜ਼ਾ ਅਤੇ ਪੂਰਨ ਕਰਜ਼ਾ ਮੁਕਤੀ ਨਹੀਂ ਕੀਤੀ ਜਾਂਦੀ, ਓਨੀ ਦੇਰ ਤੱਕ ਧਰਨੇ ਜਾਰੀ ਰੱਖੇ ਜਾਣਗੇ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੀ ਲੜਾਈ ਕੇਂਦਰ ਦੀ ਮੋਦੀ ਸਰਕਾਰ ਨਾਲ ਚੱਲ ਰਹੀ ਹੈ, ਜਿਸ ਨੇ ਕਿਸਾਨਾਂ ਦੇ ਉਜਾੜੇ ਲਈ ਨਵੇਂ ਕਾਨੂੰਨ ਲਿਆਂਦੇ ਹਨ। ਇਸੇ ਖ਼ਿਲਾਫ਼ ਵਿੱਢੇ ਸੰਘਰਸ਼ ਵਿੱਚ ਮਾਤਾ ਤੇਜ ਕੌਰ ਸ਼ਹੀਦ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖ਼ਿਲਾਫ਼ ਚੱਲਦੀ ਕਿਸਾਨਾਂ ਦੀ ਲੜਾਈ ਮਾਨਸਾ ਜ਼ਿਲ੍ਹੇ ਵਿੱਚ ਕੈਪਟਨ ਸਰਕਾਰ ਨੇ ਆਪਣੇ ਗਲ ਪਵਾ ਲਈ ਹੈ। ਸਰਕਾਰ ਕਿਸਾਨ ਹਮਾਇਤੀ ਹੋਣ ਦੀਆਂ ਗੱਲਾਂ ਤਾਂ ਕਰਦੀ ਹੈ, ਪਰ ਮਾਤਾ ਤੇਜ ਕੌਰ ਦੇ ਮਾਮਲੇ ਵਿੱਚ ਉਸ ਨੇ ਚੁੱਪ ਧਾਰ ਲਈ ਹੈ। ਇਸ ਮੌਕੇ ਇੰਦਰਜੀਤ ਝੱਬਰ, ਜਗਦੇਵ ਭੈਣੀਬਾਘਾ, ਜਰਨੈਲ ਟਾਹਲੀਆਂ, ਭੋਲਾ ਮਾਖਾ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।