ਪਾਲ ਸਿੰਘ ਨੌਲੀ
ਜਲੰਧਰ, 11 ਅਗਸਤ
ਕਮਿਸ਼ਨਰੇਟ ਪੁਲੀਸ ਨੇ ਅਰਬਨ ਅਸਟੇਟ ਵਿੱਚ ਮੰਨਾਪੁਰਮ ਫਾਇਨਾਂਸ ਤੋਂ ਤਿੰਨ ਹਫਤੇ ਪਹਿਲਾਂ ਲੁੱਟੇ ਸੋਨੇ ਤੇ ਨਗਦੀ ਦੇ ਮਾਮਲੇ ਵਿਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਲੰਘੀ 24 ਜੁਲਾਈ ਨੂੰ ਲੁਟੇਰਿਆਂ ਨੇ ਮੰਨਾਪੁਰਮ ਫਾਇਨਾਂਸ ਤੋਂ ਵੱਡੀ ਮਾਤਰਾ ਵਿਚ ਸੋਨਾ ਤੇ 2 ਲੱਖ 34 ਹਜ਼ਾਰ ਰੁਪਏ ਲੁੱਟ ਲਏ ਸਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੇ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਬਿਲਗਾਮ ਦੇ ਰਹਿਣ ਵਾਲੇ ਪ੍ਰਸ਼ਾਂਤ ਕੁਮਾਰ ਵਾਸੀ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜਾ ਆਪਣੇ ਚਚੇਰੇ ਭਰਾ ਦੀਪਕ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਸੀ। ਵਾਰਦਾਤ ਵਿੱਚ ਵਰਤੀ ਗਈ ਜਾਅਲੀ ਨੰਬਰ ਪਲੇਟ ਵਾਲੀ ਇੱਕ ਮੋਟਰਬਾਈਕ ਵੀ ਬਰਾਮਦ ਕੀਤੀ ਗਈ ਹੈ। ਗਰੋਹ ’ਚ ਸ਼ਾਮਲ ਹੋਰ ਮੈਂਬਰਾਂ ਦੀ ਪਛਾਣ ਵੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਗਰੋਹ ਦੇ ਬਾਕੀ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸੇ ਦੌਰਾਨ ਪੁਲੀਸ ਨੇ ਬੀਤੇ ਕੱਲ੍ਹ ਘਾਹ ਮੰਡੀ ਚੌਕ ਨੇੜੇ ਬਿੱਲਾ ਕਲੋਨੀ ਵਿੱਚ ਫਾਇਰਿੰਗ ਦੀ ਘਟਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਘਟਨਾ ਵਿੱਚ ਸ਼ਾਮਲ ਦੋਵੇਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਡਿਪਟੀ ਪੁਲੀਸ ਕਮਿਸ਼ਨਰ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਪਛਾਣ ਬਸਤੀ ਬਾਵਾ ਖੇਲ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਦੇ ਅਨੁਸਾਰ ਇਸ ਘਟਨਾ ਪਿੱਛੇ ਦਾ ਕਾਰਨ ਸ਼ਿਕਾਇਤਕਰਤਾ ਖ਼ਿਲਾਫ਼ ਨਿੱਜੀ ਰੰਜਿਸ਼ ਹੋਣਾ ਪਾਇਆ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਰੋਹਿਤ ਕਤਲ ਕਾਂਡ ਦਾ ਇਕ ਮੁਲਜ਼ਮ ਦਿੱਲੀ ਤੋਂ ਗ੍ਰਿਫਤਾਰ
ਸ਼ਾਹਕੋਟ (ਪੱਤਰ ਪ੍ਰੇਰਕ): ਸਥਾਨਿਕ ਕਸਬੇ ਵਿਚ 6 ਅਗਸਤ ਨੂੰ ਹੋਏ ਇਕ ਨੌਜਵਾਨ ਦੇ ਹੋਏ ਕਤਲ ’ਚ ਸ਼ਾਮਲ ਇਕ ਮੁਲਜ਼ਮ ਨੂੰ ਸ਼ਾਹਕੋਟ ਪੁਲੀਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਥਾਣਾ ਸ਼ਾਹਕੋਟ ਦੇ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਰੋਹਿਤ ਸਿੰਘ (22) ਦੇ ਕਤਲ ’ਚ ਰਾਹੁਲ ਕਲਿਆਣ ਉਰਫ ਕਾਲੂ ਪੁੱਤਰ ਮਨਜੀਤ ਕੁਮਾਰ ਉਰਫ ਸੋਨੂੰ ਵਾਸੀ ਮੁਹੱਲਾ ਰਿਸ਼ੀ ਨਗਰ ਸ਼ਾਹਕੋਟ, ਰਾਹੁਲ ਉਰਫ ਗੋਪੀ ਪੁੱਤਰ ਸੁਖਵਿੰਦਰ ਗਿੱਲ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ, ਸੂਰਜ ਹਲਦੀ ਵਾਸੀ ਮੇਨ ਬਜਾਰ ਸ਼ਾਹਕੋਟ, ਮੰਗਾ ਮੱਟੂਤੇ ਰਿੰਕੂ ਮੱਟੂ ਵਾਸੀਆਨ ਮੁਹੱਲਾ ਬਾਗ ਵਾਲਾ ਸ਼ਾਹਕੋਟ ਅਤੇ ਕਿੱਟੂ ਵਾਸੀ ਬਾਜਵਾ ਕਲਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਉਕਤ ਮੁਲਜ਼ਮਾਂ ਵਿਚੋਂ ਰਾਹੁਲ ਉਰਫ ਗੋਪੀ ਦੀ ਪੱਕੀ ਸੂਹ ਮਿਲਣ ’ਤੇ ਉਸਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦਾ 5 ਦਿਨਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਕਤਲ ਕਾਂਡ ਦੇ ਮੁਲਜ਼ਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।