ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 28 ਜੁਲਾਈ
ਜ਼ਿਲ੍ਹਾ ਪੁਲੀਸ ਨੇ ਪਿੰਡ ਬਰਾਸ ਵਾਸੀ ਦੇ ਕਤਲ ਦੀ ਗੁੱਥੀ 48 ਘੰਟਿਆਂ ਵਿਚ ਸੁਲਝਾਅ ਲਈ ਹੈ। ਇਸ ਸਬੰਧੀ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਤਰਸੇਮ ਸਿੰਘ ਵਾਸੀ ਬਰਾਸ ਦਾ ਕਤਲ ਹੋਣ ਸਬੰਧੀ ਅਣਪਛਾਤਿਆਂ ਖ਼ਿਲਾਫ਼ ਥਾਣਾ ਬਡਾਲੀ ਆਲਾ ਸਿੰਘ ਵਿਚ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ 48 ਘੰਟਿਆਂ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦੇ ਸਕੇ ਭਰਾ ਸੁਖਵਿੰਦਰ ਸਿੰਘ ਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਕਥਿਤ ਨਾਜਾਇਜ਼ ਸਬੰਧ ਸਨ। ਊਨ੍ਹਾਂ ਨੇ ਆਪਣੇ ਰਸਤੇ ਵਿੱਚੋਂ ਤਰਸੇਮ ਸਿੰਘ ਨੂੰ ਹਟਾਉਣ ਲਈ ਪਹਿਲਾਂ ਤੋਂ ਹੀ ਬਣਾਈ ਸਾਜ਼ਿਸ਼ ਤਹਿਤ ਅਰਜਨ ਕੁਮਾਰ ਵਾਸੀ ਭਾਗੋ ਮਾਜਰਾ, ਅਜੇ ਕੁਮਾਰ ਵਾਸੀ ਪਿੰਡ ਬਰਾਸ ਤੇ ਰਿਸ਼ੀ ਵਾਸੀ ਚੰਡੀਗੜ੍ਹ ਨੂੰ 50,000 ਰੁਪਏ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾ ਕੇ 25 ਜੁਲਾਈ ਦੀ ਰਾਤ ਨੂੰ ਤਰਸੇਮ ਸਿੰਘ ਨੂੰ ਸ਼ਰਾਬ ਪੀਣ ਲਈ ਸੂਏ ’ਤੇ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਕੇ ਲਾਸ਼ ਸੂਏ ਵਿੱਚ ਸੁੱਟ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ, ਪਰਮਜੀਤ ਕੌਰ, ਅਜੈ ਅਤੇ ਅਰਜਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿੱਚ ਵਰਤੀ ਕੁਹਾੜੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ। ਮੁਲਜ਼ਮ ਰਿਸ਼ੀ ਅਜੇ ਫ਼ਰਾਰ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਮਾਤਾ ਸੁਰਜੀਤ ਕੌਰ ਵਾਸੀ ਪਿੰਡ ਬਰਾਸ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਵੱਡਾ ਲੜਕਾ ਤਰਸੇਮ ਸਿੰਘ 25 ਜੁਲਾਈ ਰਾਤ ਤੋਂ ਗ਼ਾਇਬ ਸੀ। ਉਸ ਨੇ ਜਦੋਂ ਤਰਸੇਮ ਸਿੰਘ ਦੀ ਤਲਾਸ਼ ਕੀਤੀ ਤਾਂ ਉਸ ਦੇ ਲੜਕੇ ਤਰਸੇਮ ਸਿੰਘ ਦੀ ਲਾਸ਼ ਪੀਰ ਬਾਬਾ ਦੀ ਮਜ਼ਾਰ ਕੋਲ ਸੂਏ ਵਿੱਚ ਪਈ ਮਿਲੀ। ਤਰਸੇਮ ਸਿੰਘ ਦੀ ਲਾਸ਼ ਨੂੰ ਸੂਏ ‘ਚੋਂ ਬਾਹਰ ਕੱਢ ਕੇ ਦੇਖਿਆ ਤਾਂ ਊਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਕੱਟ ਸਨ।