ਦਵਿੰਦਰ ਪਾਲ
ਚੰਡੀਗੜ੍ਹ, 14 ਅਕਤੂਬਰ
ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਨੂੰ ਸਰਹੱਦੀ ਸੂਬਿਆਂ ’ਚ ਵਧੇੇੇਰੇ ਖ਼ੁਦਮੁਖਤਿਆਰੀ ਦੇਣ ਦੇ ਫੈਸਲੇ ਮਗਰੋਂ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੀਆਂ ਵੱਖ ਵੱਖ ਰਾਜਨੀਤਕ ਪਾਰਟੀਆਂ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਇਕ ਦੂਜੇ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਰਾਜ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਕੇਂਦਰ ਸਰਕਾਰ ਨਾਲ ਗੰਢਤੁਪ ਕਰਨ ਤੇ ਮੋਦੀ ਸਰਕਾਰ ਅੱਗੇ ਗੋਡੇ ਟੇਕਣ ਦਾ ਦੋਸ਼ ਲਾਇਆ ਹੈ। ਉਧਰ ਕਾਂਗਰਸ ਨੇ ਆਪਣੇ ਹੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸੇਧਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨਾਲ ਰਾਜ ਭਵਨ ਅੱਗੇ ਕੀਤੀ ਬੈਰੀਕੇਡਿੰਗ ਨੇੜੇ ਧਰਨਾ ਦੇਣ ਮਗਰੋਂ ਗ੍ਰਿਫਤਾਰੀ ਦੇ ਕੇ ਪੰਜਾਬੀਆਂ ਨਾਲ ਇਕਜੁੱਟਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ ਵੱਲੋਂ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਲਏ ਇਸ ਫੈਸਲੇ ਵਿਰੁਧ ਸੰਘਰਸ਼ ਕਰੇਗਾ। ਗ੍ਰਿਫ਼ਤਾਰੀ ਤੋਂ ਪਹਿਲਾਂ ਅਕਾਲੀ ਦਲ ਦੇ ਆਗੂਆਂ ਦੀ ਚੰਡੀਗੜ੍ਹ ਪੁਲੀਸ ਨਾਲ ਤਿੱਖੀ ਬਹਿਸ ਵੀ ਹੋਈ। ਯੂਟੀ ਪੁਲੀਸ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਤੇ ਹੋਰਨਾਂ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬੱਸ ਵਿਚ ਬਿਠਾ ਕੇ ਸੈਕਟਰ ਤਿੰਨ ਦੇ ਪੁਲੀਸ ਥਾਣੇ ਲਿਜਾਇਆ ਗਿਆ। ਅਕਾਲੀ ਵਰਕਰਾਂ ਨੇ ਪੰਜਾਬ ਵਿਰੋਧੀ ਸਾਜ਼ਿਸ਼ ਰਚਣ ਲਈ ਕਾਂਗਰਸ ਪਾਰਟੀ ਤੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਤੋਂ ਪਹਿਲਾਂ ਜਦੋਂ ਅਕਾਲੀਆਂ ਨੂੰ ਬੈਰੀਕੇਡਿੰਗ ਕਰ ਕੇ ਰਾਜ ਭਵਨ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਸੁਖਬੀਰ ਬਾਦਲ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਲਗਾਤਾਰ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆ ਕੇ ਸੂਬੇ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ ਤੇ ਹੁਣ ਕੇਂਦਰ ਸਰਕਾਰ ਬੀਐੱਸਐੱਫ ਦੇ ਅਧਿਕਾਰ ਖੇਤਰ ਵਿਚ ਵਾਧਾ ਕਰ ਕੇ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ’ਤੇ ਕਬਜ਼ਾ ਕਰਨ ਦਾ ਯਤਨ ਕਰ ਰਹੀ ਹੈ। ਸੁਖਬੀਰ ਨੇ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਸੂਬੇ ਦੇ ਸੰਘੀ ਢਾਂਚੇ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੇ ਪਵਿੱਤਰ ਧਾਰਮਿਕ ਅਸਥਾਨ ਜਿਵੇਂ ਕਿ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਤੇ ਰਾਮ ਤੀਰਥ ਵੀ ਕੇਂਦਰੀ ਬਲਾਂ ਦੇ ਕੰਟਰੋਲ ਹੇਠ ਆ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਕੁਤਾਹੀ ਖਿਲਾਫ ਸੱਚ ਦੀ ਲੜਾਈ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ 5 ਅਕਤੂਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੀਟਿੰਗ ਵਿਚ ਇਸ ਪੰਜਾਬ ਵਿਰੋਧੀ ਫੈਸਲੇ ਲਈ ਸਹਿਮਤੀ ਦੇਣਾ ਨਿੰਦਨਯੋਗ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵੇਂ ਕੇਂਦਰੀ ਫੈਸਲੇ ਨੇ ਲੋਕਾਂ ਨੂੰ ਅਤਿਵਾਦ ਦਾ ਕਾਲਾ ਦੌਰ ਚੇਤੇ ਕਰਵਾ ਦਿੱਤਾ ਹੈ।
ਰਾਜਾਂ ਦੇ ਅਧਿਕਾਰਾਂ ’ਚ ‘ਘੁਸਪੈਠ’ ਕਰ ਰਹੀ ਹੈ ਮੋਦੀ ਸਰਕਾਰ: ਸਿੰਗਲਾ
ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰਾਂ ਵਿੱਚ ‘ਘੁਸਪੈਠ’ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਸੂਬਾ ਸਰਕਾਰ ਸੰਘੀ ਢਾਂਚੇ ਨੂੰ ਤੋੜਨ ਦੀ ਇਜਾਜ਼ਤ ਨਹੀਂ ਦੇੇਵੇਗੀ।
ਕੇਂਦਰ ਵੱਲੋਂ ਦੇਸ਼ ਦੇ ਸੰਘੀ ਢਾਂਚੇ ’ਤੇ ਹਮਲਾ: ਚੀਮਾ
ਚੰਡੀਗੜ੍ਹ: ‘ਆਪ’ ਪੰਜਾਬ ਨੇ ਸੀਮਾ ਸੁਰੱਖਿਆ ਬੱਲ ਦੇ ਅਧਿਕਾਰ ਖੇਤਰ ’ਚ ਵਾਧਾ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਇਸ ਨੂੰ ਸੰਘੀ ਢਾਂਚੇ ’ਤੇ ਸਿੱਧਾ ਹਮਲਾ ਕਰਾਰ ਦਿੱਤਾ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਵੱਡੀ ਸਾਜ਼ਿਸ਼ ਤਹਿਤ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ ਮਾਰ ਰਹੀ ਹੈ।
ਕੌਮੀ ਸੁਰੱਖਿਆ ਦੇ ਮੁੱਦੇ ’ਤੇ ਰਾਜਨੀਤੀ ਕਰਨਾ ਮੰਦਭਾਗਾ: ਅਸ਼ਵਨੀ ਸ਼ਰਮਾ
ਚੰਡੀਗੜ੍ਹ: ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ ਵੱਲੋਂ ਬੀਐੱਸਐੱਫ ਨੂੰ 50 ਕਿਲੋਮੀਟਰ ਦਾ ਘੇਰਾ ਦੇਣ ਦੇ ਕੇਂਦਰ ਸਰਕਾਰ ਦੇ ਫੈ਼ਸਲੇ ਨੂੰ ਸਿਆਸੀ ਰੰਗਤ ਦੇਣ ਦੇ ਦੋਸ਼ ਲਾਉਂਦਿਆਂ ਇਸ ਨੂੰ ਮੰਦਭਾਗਾ ਦੱਸਿਆ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਚੰਨੀ ਖ਼ੁਦ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਲਈ ਗਏ ਸਨ ਤੇ ਸੂਬੇ ਵਿੱਚ ਸੁਰੱਖਿਆ ਦੀ ਗੰਭੀਰ ਸਥਿਤੀ ਬਾਰੇ ਦੱਸਿਆ ਸੀ।
ਸੰਵਿਧਾਨ ’ਤੇ ਗਿਣਿਆ ਮਿਥਿਆ ਹਮਲਾ: ਸੁਰਜੇਵਾਲਾ
ਨਵੀਂ ਦਿੱਲੀ: ਕਾਂਗਰਸ ਨੇ ਕੇਂਦਰ ਵੱਲੋਂ ਬੀਐੱਸਐੱਫ ਨੂੰ ਵਾਧੂ ਤਾਕਤਾਂ ਦੇਣ ਦੇ ਫ਼ੈਸਲੇ ਨੂੰ ਸੰਵਿਧਾਨ ’ਤੇ ਗਿਣ-ਮਿਥ ਕੇ ਕੀਤਾ ਹਮਲਾ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਇਸ ਹਮਲੇ ਦਾ ਮੁੱਖ ਮਕਸਦ ਸੰਘਵਾਦ ਨੂੰ ਕਮਜ਼ੋਰ ਤੇ ਖ਼ਤਮ ਕਰਨਾ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਹ ਰਾਜਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਦੀਆਂ ਤਾਕਤਾਂ ਖੋਹਣ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਸਿੱਧੇ ਢੰਗ ਤਰੀਕੇ ਨਾਲ ਸੱਤਾ ਹਥਿਆਉਣ ਲਈ ਗੰਦੀ ਸਿਆਸਤ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਸਿਆਸੀ ਆਧਾਰ ਗੁਆ ਚੁੱਕੀ ਹੈ, ਜਿਸ ਨੂੰ ਹਾਸਲ ਕਰਨ ਲਈ ਹੁਣ ਸੱਤਾ ਦੀ ਦੁਰਵਰਤੋਂ ਕਰਦਿਆਂ ਬਿਨਾਂ ਰਾਜਾਂ ਨਾਲ ਸਲਾਹ ਮਸ਼ਵਰਾ ਕੀਤਿਆਂ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। -ਪੀਟੀਆਈ
ਕੈਪਟਨ ਨੇ ਸੁਰਜੇਵਾਲਾ ਨੂੰ ਘੇਰਿਆ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂ ਤੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ, ‘‘ਕਿੰਨਾ ਹਾਸੋਹੀਣਾ ਹੈ! ਤੁਹਾਡਾ ਕਹਿਣ ਦਾ ਮਤਲਬ ਹੈ ਕਿ ਮੈਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਨਾ ਸਿਰਫ਼ ਪੰਜਾਬ ਬਲਕਿ ਗੁਜਰਾਤ, ਪੱਛਮੀ ਬੰਗਾਲ, ਆਸਾਮ ਆਦਿ ਵਿੱਚ ਫੈਸਲੇ ਲੈਣ ਲਈ ਹੁਕਮ ਦੇ ਰਿਹਾ ਹਾਂ।’ ਸਾਬਕਾ ਮੁੱਖ ਮੰਤਰੀ ਨੇ ਸੁਰਜੇਵਾਲਾ ਨੂੰ ਤਿੱਖੀ ਚੋਭ ਲਾਉਂਦਿਆਂ ਕਿਹਾ, ‘ਇਕ ਵਿਅਕਤੀ ਜੋ ਆਪਣੇ ਸੂੁਬੇ (ਹਰਿਆਣਾ) ਵਿੱਚ ਅੱਜ ਤੱਕ ਕੋਈ ਚੋਣ ਨਹੀਂ ਜਿੱਤ ਸਕਿਆ, ਉਸ ਨੂੰ ਕੌਮੀ ਮੁੱਦਿਆਂ ਬਾਰੇ ਬੋਲਣ ਦਾ ਕੋਈ ਹੱਕ ਨਹੀਂ ਹੈ।’ ਕਾਬਿਲੇਗੌਰ ਹੈ ਕਿ ਸੁਰਜੇਵਾਲਾ ਨੇ ਕੈਪਟਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਕੇਂਦਰ ਨੂੰ ਬੀਐੱਸਐੱਫ ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੀ ਸਿਫਾਰਸ਼ ਕਿਉਂ ਨਹੀਂ ਕੀਤੀ ਸੀ। -ਪੀਟੀਆਈ
ਸੁਰੱਖਿਆ ਬਲਾਂ ਦੀ ਸਿਆਸੀ ਸੰਦ ਵਜੋਂ ਵਰਤੋਂ ਨਾ ਹੋਵੇ: ਜਾਖੜ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਬੀਐੱਸਐੱਫ ਨੂੰ ਵਧੇਰੇ ਖੁ਼ਦਮੁਖਤਿਆਰੀ ਦੇਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਸੁਰੱਖਿਆ ਬਲਾਂ ਨੂੰ ਸਿਆਸੀ ਸੰਦ ਵਜੋਂ ਇਸਤੇਮਾਲ ਨਾ ਕੀਤਾ ਜਾਵੇ। ਸ੍ਰੀ ਜਾਖੜ ਨੇ ਇਕ ਟਵੀਟ ਵਿੱਚ ਕਿਹਾ, ‘‘ਸਾਨੂੰ ਆਪਣੇ ਸੁਰੱਖਿਆ ਜਵਾਨਾਂ ’ਤੇ ਮਾਣ ਹੈ, ਜਿਨ੍ਹਾਂ ਦਾ ਕੰਮ ਨਾ ਸਿਰਫ਼ ਸਾਡੀਆਂ ਸਰਹੱਦਾਂ ਦੀ ਰਾਖੀ ਕਰਨਾ ਬਲਕਿ ਭਾਰਤ ਨੂੰ ਵਿਦੇਸ਼ ਹਮਲਿਆਂ ਤੋਂ ਬਚਾਉਣਾ ਵੀ ਹੈ। ਇਨ੍ਹਾਂ ਨੂੰ ਆਪਣੀਆਂ ਨਾਕਾਮੀਆਂ ਛੁਪਾਉਣ ਅਤੇ ਆਗੂਆਂ ਤੇ ਸਰਕਾਰਾਂ ਵੱਲੋਂ ਪਾਏ ਖਿਲਾਰੇ ਨੂੰ ਸਮੇਟਣ ਲਈ ਢਾਲ ਵਜੋਂ ਵਰਤਣਾ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਬਹਾਦਰ ਸੁਰੱਖਿਆ ਬਲਾਂ ਦਾ ਮਨੋਬਲ ਡਿੱਗਦਾ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਿਹਤਰ ਇਹ ਗੱਲ ਕੋਈ ਨਹੀਂ ਜਾਣਦਾ।’’ -ਪੀਟੀਆਈ