ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 15 ਅਪਰੈਲ
ਅਮਰਿੰਦਰ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਮਗਰੋਂ ਪਾਰਟੀ ਵਿੱਚ ਨਵੀਂ ਕਤਾਰਬੰਦੀ ਉੱਭਰਨ ਲੱਗੀ ਹੈ। ਪ੍ਰਧਾਨਗੀ ਦੀ ਕੁਰਸੀ ਗੁਆ ਚੁੱਕੇ ਨਵਜੋਤ ਸਿੱਧੂ ਦੇ ਰੁਝੇਵਿਆਂ ਨੂੰ ਦੇਖੀਏ ਤਾਂ ਇੰਜ ਜਾਪਦਾ ਹੈ ਜਿਵੇਂ ਉਨ੍ਹਾਂ ਨੇ ਨਵੇਂ ਪ੍ਰਧਾਨ ਤੋਂ ਲਾਂਭੇ ਹੋ ਕੇ ਵੱਖਰਾ ਰਾਹ ਅਖ਼ਤਿਆਰ ਕਰ ਲਿਆ ਹੋਵੇ। ਪ੍ਰਧਾਨਗੀ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਕਾਂਗਰਸ ਪਾਰਟੀ ਦੇ ਪੀੜਤ ਵਰਕਰਾਂ ਅਤੇ ਆਗੂਆਂ ਦੇ ਘਰਾਂ ਵਿਚ ਲਗਾਤਾਰ ਜਾ ਰਹੇ ਸਨ। ਹੁਣ ਜਦੋਂ ਹਾਈਕਮਾਨ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਐਲਾਨ ਦਿੱਤਾ ਤਾਂ ਨਵਜੋਤ ਸਿੱਧੂ ਕਾਂਗਰਸੀ ਆਗੂਆਂ ਦੇ ਘਰਾਂ ਵਿਚ ਗੇੜੇ ਮਾਰ ਕੇ ਉਨ੍ਹਾਂ ਨੂੰ ਲਾਮਬੰਦ ਕਰਨ ਲੱਗੇ ਹਨ।
ਨਵਜੋਤ ਸਿੱਧੂ ਨੇ ਅੱਜ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਪੰਚਕੂਲਾ ਸਥਿਤ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਨਵਤੇਜ ਚੀਮਾ ਅਤੇ ਅਸ਼ਵਨੀ ਸੇਖੜੀ ਵੀ ਸਨ। ਕਰੀਬ ਇੱਕ ਘੰਟੇ ਦੀ ਮਿਲਣੀ ਮਗਰੋਂ ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਨੇ ਕੋਈ ਪ੍ਰਤੀਕਿਰਿਆ ਦੇਣ ਤੋਂ ਪਾਸਾ ਵੱਟਿਆ। ਹਾਲਾਂਕਿ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਕਿਹਾ ਕਿ ‘ਬੁਰੇ ਲੋਕਾਂ ਖ਼ਿਲਾਫ਼ ਅੱਛੇ ਲੋਕ ਇਕੱਠੇ ਹੋ ਰਹੇ ਹਨ।’ ਸੇਖੜੀ ਦੀ ਇਹ ਟਿੱਪਣੀ ਇਸ਼ਾਰਾ ਕਰਦੀ ਹੈ ਕਿ ਪੰਜਾਬ ਕਾਂਗਰਸ ਵਿਚ ਅਜੇ ਵੀ ਸਭ ਅੱਛਾ ਨਹੀਂ ਹੈ। ਨਵਜੋਤ ਸਿੱਧੂ ਅੱਜ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਲਾਲ ਸਿੰਘ ਨੂੰ ਵੀ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ। ਸਿੱਧੂ ਨੇ ਕਿਹਾ ਕਿ ਉਹ ਪਾਰਟੀ ਆਗੂ ਦਾ ਹਾਲ ਚਾਲ ਪੁੱਛਣ ਗਏ ਸਨ।
ਸਿੱਧੂ ਨੇ ਅੱਜ ਦੂਜੀ ਦਫ਼ਾ ਸਮਰਾਲਾ ਵਿਚ ਪਾਰਟੀ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਅਸ਼ਵਨੀ ਸੇਖੜੀ, ਨਵਤੇਜ ਚੀਮਾ, ਹਰਦਿਆਲ ਕੰਬੋਜ ਅਤੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਆਦਿ ਵੀ ਨਾਲ ਸਨ। ਨਵਜੋਤ ਸਿੱਧੂ ਦੀ ਤਾਜ਼ਾ ਸਰਗਰਮੀਆਂ ਤੋਂ ਕਾਂਗਰਸ ਦੇ ਵਿਹੜੇ ਖ਼ੈਰ ਨਹੀਂ ਜਾਪ ਰਹੀ ਹੈ। ਸਿੱਧੂ ਹੁਣ ਕਾਂਗਰਸ ਪਾਰਟੀ ਵਿਚ ਮਹਿਜ਼ ਇੱਕ ਵਰਕਰ ਹੀ ਰਹਿ ਗਏ ਹਨ। ਚਰਚੇ ਛਿੜੇ ਹਨ ਕਿ ਨਵਜੋਤ ਸਿੱਧੂ ਤੇ ਸਾਥੀ ਨਵਾਂ ਰਾਹ ਵੀ ਤਲਾਸ਼ਦੇ ਹੋ ਸਕਦੇ ਹਨ।
ਉਂਜ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਹਾਈਕਮਾਨ ਨਵਜੋਤ ਸਿੱਧੂ ਦੀ ਇਸ ਮੁਹਿੰਮ ਨੂੰ ਕਿਸ ਨਜ਼ਰੀਏ ਨਾਲ ਦੇਖਦੀ ਹੈ। ਹਾਲ ਹੀ ਵਿਚ ਕਾਂਗਰਸ ਹਾਈਕਮਾਨ ਨੇ ਸੁਨੀਲ ਜਾਖੜ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਕੇ ਅਤੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੂੰ ਪਾਰਟੀ ’ਚੋਂ ਕੱਢ ਕੇ ਅਨੁਸ਼ਾਸਨ ਦੇ ਮਾਮਲੇ ’ਤੇ ਤਿੱਖੇ ਤੇਵਰ ਦਿਖਾਏ ਹਨ। ਪਾਰਟੀ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਨੇ ਵੀ ਅਜੇ ਤੱਕ ਨਵਜੋਤ ਸਿੱਧੂ ਨਾਲ ਰਸਮੀ ਮੁਲਾਕਾਤ ਨਹੀਂ ਕੀਤੀ ਹੈ। ਰਾਜਾ ਵੜਿੰਗ ਅੱਜ ਅੰਮ੍ਰਿਤਸਰ ਵਿਚ ਪਾਰਟੀ ਆਗੂਆਂ ਨੂੰ ਜ਼ਰੂਰ ਮਿਲੇ।
ਉਧਰ ਰਾਜਾ ਵੜਿੰਗ ਨੇ ਅੱਜ ਮੁੜ ਅਪੀਲ ਕੀਤੀ ਕਿ ਕਾਂਗਰਸ ਨੂੰ ਕਿਸੇ ਵੀ ਤਰ੍ਹਾਂ ਕਮਜ਼ੋਰ ਨਾ ਕੀਤਾ ਜਾਵੇ ਅਤੇ ਜੋ ਪਾਰਟੀ ਨੂੰ ਕਮਜ਼ੋਰ ਕਰਨ ਦੇ ਰਾਹ ਪੈਣਗੇ, ਉਨ੍ਹਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਨਵਜੋਤ ਸਿੱਧੂ ਦੀ ਤਾਜ਼ਾ ਮੁਹਿੰਮ ਪਾਰਟੀ ਹਾਈਕਮਾਨ ਲਈ ਸ਼ੁਭ ਸੁਨੇਹਾ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਨਵੇਂ ਉੱਭਰ ਰਹੇ ਧੜੇ ਨੂੰ ਹੁੰਗਾਰਾ ਮਿਲ ਗਿਆ ਤਾਂ ਕਾਂਗਰਸ ਨੂੰ ਉੱਭਰਨ ਵਿਚ ਮੁਸ਼ਕਲ ਆਵੇਗੀ।