ਗੁਰਦੀਪ ਸਿੰਘ ਟੱਕਰ/ਸਤਵਿੰਦਰ ਬਸਰਾ
ਲੁਧਿਆਣਾ/ਮਾਛੀਵਾੜਾ, 10 ਜੁਲਾਈ
ਪੰਜਾਬ ਸਰਕਾਰ ਵੱਲੋਂ ਹਲਕਾ ਸਾਹਨੇਵਾਲ ਅਧੀਨ ਪੈਂਦੇ ਮੱਤੇਵਾੜਾ ਦੇ ਜੰਗਲਾਂ ਅਤੇ ਸਤਲੁਜ ਦਰਿਆ ਕਿਨਾਰੇ 1000 ਏਕੜ ’ਚ ਬਣਾਏ ਜਾ ਰਹੇ ਟੈਕਸਟਾਈਲ ਇੰਡਸਟਰੀ ਪਾਰਕ ਦੇ ਵਿਰੋਧ ਵਿੱਚ ਪੰਜਾਬ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸਿਆਸੀ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਵਾਤਾਵਰਨ ਪ੍ਰੇਮੀ ਇਥੇ ਪੁੱਜੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਪ੍ਰਾਜੈਕਟ ਬੰਦ ਨਾ ਕੀਤਾ ਤਾਂ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਰਾਜਾ ਵੜਿੰਗ ਨੇ ਕਿਹਾ ਕਿ ਇਹ ਇੰਡਸਟਰੀ ਪਾਰਕ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕੀਤਾ ਸੀ, ਜੋ ਕਿ ਵੱਡੀ ਗਲਤੀ ਸੀ, ਜਿਸ ’ਤੇ ਉਹ ਮੁਆਫ਼ੀ ਵੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਵੱਲੋਂ ਕੀਤਾ ਵਿਰੋਧ ਵੀ ਇਸ ਨੂੰ ਰੋਕ ਨਹੀਂ ਸਕਿਆ ਸੀ। ਇੰਡਸਟਰੀ ਪਾਰਕ ਦੇ ਵਿਰੋਧ ਤੇ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਇਥੇ ਪਹੁੰਚੇ ਲੱਖਾ ਸਿਧਾਣਾ ਨੇ ਸਵਾਲ ਕੀਤਾ ਕਿ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਬਣਨ ਮਗਰੋਂ ਹੁਣ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਕਿਉਂ ਨਹੀਂ ਪੁੱਜੇ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸਰਕਾਰ ਬਣਨ ਤੋਂ ਪਹਿਲਾਂ ਇਸ ਇੰਡਸਟਰੀ ਪਾਰਕ ਦਾ ਵਿਰੋਧ ਕਰਦਾ ਸੀ ਅਤੇ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਇਸਦੇ ਹੱਕ ਵਿੱਚ ਦਿਖਾਈ ਦੇ ਰਿਹਾ ਹੈ। ਪੀਏਸੀ ਦੇ ਕਰਨਲ ਸੀਐੱਮ ਲਖਨਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ 11 ਜੁਲਾਈ ਨੂੰ ਮੱਤੇਵਾੜਾ ਟੈਕਸਟਾਈਲ ਪਾਰਕ ਦੇ ਮੁੱਦੇ ’ਤੇ ਮਿਲਣ ਤੇ ਵਿਚਾਰ ਵਟਾਂਦਰੇ ਲਈ ਮੁੱਖ ਮੰਤਰੀ ਦਫਤਰ ਤੋਂ ਸੱਦਾ ਮਿਲਿਆ ਹੈ ਅਤੇ ਪਬਲਿਕ ਐਕਸ਼ਨ ਕਮੇਟੀ ਨੇ ਇਸ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦਲ (ਅ) ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ,‘‘ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੇ ਮੱਤੇਵਾੜਾ ਦੇ ਜੰਗਲਾਂ ’ਚੋਂ ਹੋ ਕੇ ਅਗਲੇ ਪੜਾਅ ਵੱਲ ਪੁੱਜੇ ਸਨ, ਜਿਸ ਲਈ ਇਹ ਜੰਗਲ ਸਾਡਾ ਧਾਰਮਿਕ ਵਿਰਸਾ ਹਨ, ਜਿਸ ਨੂੰ ਅਸੀਂ ਉਜੜਨ ਨਹੀਂ ਦੇਵਾਂਗੇ।’’
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਅੱਜ ਮੱਤੇਵਾੜਾ ਜੰਗਲ ਨੂੰ ਉਜਾੜ ਕੇ ਸਨਅਤਾਂ ਸਥਾਪਤ ਕਰਾਉਣ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਆਪਣਾ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ ਕਿਸਾਨ ਯੂਨੀਅਨ ਡੱਟਵਾਂ ਵਿਰੋਧ ਕਰਕੇ ਵੱਡੇ ਪੱਧਰ ’ਤੇ ਸੰਘਰਸ਼ ਕਰੇਗੀ। ਇਥੇ ਯੂਨੀਅਨ ਦਫ਼ਤਰ ’ਚ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਮੇਹਲੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਸਨਅਤੀ ਹੱਬ ਬਣਾਉਣ ਦੇ ਨਾਂ ਹੇਠ ਜੰਗਲ ਨੂੰ ਉਜਾੜਨ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਡਟਵਾਂ ਵਿਰੋਧ ਕਰਦਿਆਂ ਸੰਘਰਸ਼ ਲੜਿਆ ਜਾਵੇਗਾ।
ਵਿਧਾਨ ਸਭਾ ’ਚ ਬਿੱਲ ਲਿਆ ਕੇ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਜ਼ਮੀਨ ਖਰੀਦਣ ’ਤੇ ਰੋਕ ਲਾਵਾਂਗੇ: ਖਹਿਰਾ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਮੱਤੇਵਾੜਾ ਜੰਗਲ ਦੇ ਉਜਾੜੇ ਦੇ ਵਿਰੋਧ ਵਿੱਚ ਇਥੇ ਪੁੱਜੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਵਿਧਾਨ ਸਭਾ ਸੈਸ਼ਨ ’ਚ ਪੰਜਾਬ ਵਿੱਚ ਵੀ ਗੈਰ ਪੰਜਾਬੀ ਨੂੰ ਜ਼ਮੀਨ ਖਰੀਦਣ ’ਤੇ ਰੋਕ ਲਗਾਉਣ ਸਬੰਧੀ ਬਿੱਲ ਲੈ ਕੇ ਆਉਣਗੇ।