ਨਿੱਜੀ ਪੱਤਰ ਪ੍ਰੇਰਕ
ਮੋਗਾ, 19 ਜਨਵਰੀ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਅੱਜ ਮੋਗਾ ਫੇਰੀ ਅਹਿਮ ਮੰਨੀ ਜਾ ਰਹੀ ਹੈ। ਡੇਰਾ ਮੁਖੀ ਦੀ ਆਮਦ ਦੀ ਭਿਣਕ ਲੱਗਦਿਆਂ ਹੀ ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਸਿਆਸੀ ਪਾਰਟੀਆਂ ਦੇ ਸਾਰੇ ਪੰਜੇ ਉਮੀਦਵਾਰ ਸਥਾਨਕ ਸਤਿਸੰਗ ਘਰ ਪੁੱਜ ਗਏ।
ਇੱਥੇ ਸਥਾਨਕ ਸਤਿਸੰਗ ਘਰ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਸਾਬਕਾ ਡੀਜੀਪੀ ਪੀਐੱਸ ਗਿੱਲ ਵੀ ਮੌਜੂਦ ਰਹੇ। ਇਸ ਮੌਕੇ ਡੇਰਾ ਮੁਖੀ ਨੇ ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨਾਲ ਕੁਝ ਪਲ ਬਿਤਾਏ ਤੇ ਬਾਕੀ ‘ਆਪ’ ਉਮੀਦਵਾਰ ਡਾ. ਅਮਨਦੀਪ ਕੌਰ, ਭਾਜਪਾ ਦੇ ਸੰਭਾਵੀ ਉਮੀਦਵਾਰ ਡਾ. ਹਰਜੋਤ ਕਮਲ, ਸੰਯੁਕਤ ਸਮਾਜ ਮੋਰਚਾ ਉਮੀਦਵਾਰ ਨਵਦੀਪ ਸਿੰਘ ਸੰਘਾ ਤੇ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਸੰਗਤ ’ਚ ਬੈਠੇ ਸਨ।
ਡੇਰੇ ਵੱਲੋਂ ਕਿਸੇ ਵੀ ਪਾਰਟੀ ਦੀ ਹਮਾਇਤ ਨਾ ਕਰਨ ਦਾ ਐਲਾਨ
ਡੇਰਾ ਪ੍ਰਬੰਧਕਾਂ ਦਾ ਆਖਣਾ ਹੈ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਸਿਆਸਤ ਤੋਂ ਦੂਰ ਰਹਿੰਦਾ ਹੈ। ਉਨ੍ਹਾਂ ਵੱਲੋਂ ਚੋਣਾਂ ਮੌਕੇ ਕਿਸੇ ਵੀ ਪਾਰਟੀ ਦੀ ਮਦਦ ਦਾ ਐਲਾਨ ਨਹੀਂ ਕੀਤਾ ਜਾਂਦਾ ਪਰ ਫਿਰ ਵੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਲੀਡਰਸ਼ਿਪ ਇੱਥੇ ਪੁੱਜਦੀ ਰਹੀ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਵੱਲੋਂ ਚੋਣਾਂ ਦੇ ਮੱਦੇਨਜ਼ਰ ਰਾਧਾ ਸੁਆਮੀ ਸਤਿਸੰਗ ਕੇਂਦਰਾਂ ਅਤੇ ਪੈਰੋਕਾਰਾਂ ਨੂੰ ਸਰਕੁਲਰ ਜਾਰੀ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਸੰਪਰਦਾ ਸਾਰੀਆਂ ਸਿਆਸੀ ਪਾਰਟੀਆਂ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਲਈ ਸਭ ਬਰਾਬਰ ਹਨ। ਵੋਟ ਹਰ ਵਿਅਕਤੀ ਦਾ ਨਿੱਜੀ ਅਧਿਕਾਰ ਹੈ। ਸਮੁੱਚੇ ਸਮਾਜ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟ ਦੀ ਵਰਤੋਂ ਕੀਤੀ ਜਾਵੇ।
ਰਣਦੀਪ ਸਿੰਘ ਨਾਭਾ ਨੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਿਆ
ਅਮਲੋਹ (ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਅਮਲੋਹ ਹਲਕੇ ਤੋਂ ਉਮੀਦਵਾਰ ਰਣਦੀਪ ਸਿੰਘ ਨਾਭਾ ਨੇ ਅੱਜ ਇੱਥੇ ਗੁਰਦੁਆਰਾ ਸਿੰਘ ਸਭਾ ਅਮਲੋਹ, ਰਾਮ ਮੰਦਰ, ਸਾਈਂ ਮੰਦਰ, ਰਾਮਬਾਗ ਸ਼ਿਵ ਮੰਦਰ ਸਮੇਤ ਹੋਰ ਧਾਰਮਿਕ ਸਥਾਨਾਂ ’ਤੇ ਮੱਥਾ ਟੇਕ ਕੇ ਚੋਣ ਮੁਹਿੰਮ ਆਰੰਭ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵਿਕਾਸ ਦੇ ਮੁੱਦੇ ’ਤੇ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਲਾਮਿਸਾਲ ਵਿਕਾਸ ਕਰਵਾਇਆ ਹੈ। ਹਲਕੇ ਦੇ ਲੋਕ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਮੁੜ ਕਾਮਯਾਬ ਕਰਨਗੇ।