ਪਾਲ ਸਿੰਘ ਨੌਲੀ
ਜਲੰਧਰ, 21 ਫਰਵਰੀ
ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਵੱਲੋਂ ਜਿੱਤਣ ਲਈ ਕੀਤੀ ਗਈ ਭੱਜ-ਦੌੜ ਮਗਰੋਂ ਅੱਜ ਉਨ੍ਹਾਂ ਨੇ ਆਪਣਾ ਥਕੇਵਾਂ ਲਾਹਿਆ। ਬਹੁਤ ਸਾਰੇ ਉਮੀਦਵਾਰ ਧਾਰਮਿਕ ਸਥਾਨਾਂ ’ਤੇ ਜਾ ਕੇ ਨਤਮਸਤਕ ਹੋਏ ਤੇ ਆਪਣੀ ਜਿੱਤ ਲਈ ਅਰਦਾਸਾਂ ਕੀਤੀਆਂ। ਕਈ ਉਮੀਦਵਾਰ ਤਾਂ ਵੋਟਾਂ ਪੈਣ ਮਗਰੋਂ ਸਮਾਜਿਕ ਸਮਾਗਮਾਂ ’ਚ ਸ਼ਿਰਕਤ ਕਰਦੇ ਰਹੇ ਤੇ ਕਈਆਂ ਨੇ ਰੱਜ ਕੇ ਨੀਂਦ ਲਾਹੀ।
ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਵਾਲੇ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਾਝੇ ਇਲਾਕੇ ਵਿੱਚ ਪਾਠ ਰਖਵਾਇਆ ਹੋਇਆ ਸੀ, ਜਿਸ ਦਾ ਅੱਜ ਭੋਗ ਪਿਆ ਹੈ। ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਮੱਥਾ ਟੇਕਣ ਮਗਰੋਂ ਆਪਣੇ ਹਲਕੇ ਸੁਲਤਾਨਪੁਰ ਲੋਧੀ ਵਿੱਚ ਲੋਕਾਂ ਨੂੰ ਮਿਲਣ ਲਈ ਚਲਾ ਗਿਆ। ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਚੋਣ ਪ੍ਰਚਾਰ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਚੰਡੀਗੜ੍ਹ ਚਲੇ ਗਏ ਹਨ।
ਜਲੰਧਰ ਛਾਉਣੀ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਦੇ ਚੰਡੀਗੜ੍ਹ ਜਾ ਰਹੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚੋਣਾਂ ਦੌਰਾਨ ਪਰਗਟ ਸਿੰਘ ਸਵੇਰੇ 5 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਰੁੱਝੇ ਰਹਿੰਦੇ ਸਨ। ਅੱਜ ਉਨ੍ਹਾਂ ਆਰਾਮ ਕਰਨ ਤੋਂ ਬਾਅਦ ਰੋਜ਼ ਵਾਂਗ ਪੀਏਪੀ ਗਰਾਊਂਡ ਜਾ ਕੇ ਸਰੀਰਕ ਕਸਰਤ ਸ਼ੁਰੂ ਕਰ ਦੇਣੀ ਹੈ।
ਇਸੇ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਨੇ ਅੱਜ ਦਾ ਦਿਨ ਆਪਣੇ ਪਰਿਵਾਰ ਨਾਲ ਬਿਤਾਇਆ ਤੇ ਹਲਕੇ ਵਿੱਚ ਪਈਆਂ ਵੋਟਾਂ ਬਾਰੇ ਚਰਚਾ ਕੀਤੀ। ਜਗਬੀਰ ਸਿੰਘ ਬਰਾੜ ਵੀ ਜਲੰਧਰ ਛਾਉਣੀ ਹਲਕੇ ਤੋਂ ਤਿੰਨ ਵਾਰ ਤੇ ਇਕ ਵਾਰ ਨਕੋਦਰ ਤੋਂ ਚੋਣ ਲੜ ਚੁੱਕੇ ਹਨ। ਇਸੇ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੇ ਦੱਸਿਆ ਕਿ ਉਹ ਅੱਜ ਆਦਮਪੁਰ ਵਿਚਲੇ ਫਾਰਮ ਹਾਊਸ ’ਤੇ ਗਏ ਤੇ ਉਥੇ ਹੀ ਸਾਰਾ ਦਿਨ ਲੋਕਾਂ ਨੂੰ ਮਿਲਦੇ ਰਹੇ ਤੇ ਸ਼ਾਮ ਆਪਣੇ ਪਰਿਵਾਰ ਨਾਲ ਬਤੀਤ ਕੀਤੀ। ਸਰਬਜੀਤ ਸਿੰਘ ਮੱਕੜ ਨੇ ਦੱਸਿਆ ਕਿ ਲੰਬੇ ਚੋਣ ਪ੍ਰਚਾਰ ਤੋਂ ਬਾਅਦ ਉਹ ਆਪਣੀ ਧਰਮ ਪਤਨੀ ਭੁਪਿੰਦਰ ਕੌਰ, ਪੁੱਤਰ ਮਨਸਿਮਰਨ ਸਿੰਘ ਮੱਕੜ, ਨੂੰਹ ਜਸਲੀਨ ਕੌਰ ਤੇ ਪੋਤੀ ਸ਼ਹਿਜਾਦੀ ਨਾਲ ਬੈਠ ਕੇ ਹਾਸਾ-ਠੱਠਾ ਕਰਦੇ ਰਹੇ।
ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦੇਸ ਰਾਜ ਜੱਸਲ ਨੇ ਦੱਸਿਆ ਕਿ ਉਹ ਚਾਰ ਵਾਰ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ। ਉਨ੍ਹਾਂ ਨੇ ਚੋਣਾਂ ਤੋਂ ਬਾਅਦ ਕਦੇ ਵੀ ਆਰਾਮ ਨਹੀਂ ਕੀਤਾ।
ਟੀਨੂੰ ਨੇ ਵਿਆਹ ਸਮਾਗਮਾਂ ਵਿਚ ਕੀਤੀ ਸ਼ਿਰਕਤ
ਆਦਮਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਅੱਜ ਤਿੰਨ ਵਿਆਹ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਟੀਨੂੰ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਹਲਕੇ ਤੋਂ ਦੋ ਵਾਰ ਚੋਣ ਲੜ ਚੁੱਕੇ ਹਨ ਤੇ ਇਹ ਤੀਜੀ ਚੋਣ ਸੀ। ਉਨ੍ਹਾਂ ਨੂੰ ਸਾਰੇ ਦਿਨ ਆਮ ਵਾਂਗ ਹੀ ਲੱਗੇ ਕਿਉਂਕਿ ਉਹ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਵਿਚ ਰਹਿ ਕੇ ਹੀ ਖੁਸ਼ ਹੁੰਦੇ ਹਨ।