ਚਰਨਜੀਤ ਭੁੱਲਰ
ਉਗੋਕੇ (ਭਦੌੜ), 14 ਫਰਵਰੀ
ਜ਼ਿਲ੍ਹਾ ਬਰਨਾਲਾ ਦਾ ਇਹ ਪਿੰਡ ਅੱਜ-ਕੱਲ੍ਹ ਕੌਮਾਂਤਰੀ ਸਫਾਂ ਵਿੱਚ ਗੂੰਜ ਰਿਹਾ ਹੈ। ਇਸ ਪਿੰਡ ਦਾ ਬਾਸ਼ਿੰਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ‘ਆਪ’ ਤਰਫੋਂ ਉੱਤਰਿਆ ਹੈ। ਚੋਣ ਨਤੀਜੇ ਕੁਝ ਵੀ ਹੋਣ ਇਸ ਪਿੰਡ ਦਾ ਨੌਜਵਾਨ ਲਾਭ ਸਿੰਘ ਉਗੋਕੇ ਹੁਣ ‘ਲਾਭ ਬਾਈ’ ਵਜੋਂ ਮਸ਼ਹੂਰ ਹੋ ਗਿਆ ਹੈ। ਗਰੀਬ ਘਰ ਵਿੱਚ ਜਨਮੇ ਲਾਭ ਸਿੰਘ ਉਗੋਕੇ ਨੇ ਮੌਜੂਦਾ ਸਿਆਸਤੀ ਦੌਰ ਨੂੰ ਨਵਾਂ ਮੋੜਾ ਦਿੱਤਾ ਹੈ।
‘ਆਪ’ ਉਮੀਦਵਾਰ ਲਾਭ ਸਿੰਘ ਨੇ ਜਦੋਂ ਹਲਕਾ ਭਦੌੜ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਤਾਂ ਪਿੰਡ ਉਗੋਕੇ ਦੇ ਸੱਤੂ ਨੇ ਦਸ ਰੁਪਏ ਦਾ ਸ਼ਗਨ ਦਿੱਤਾ। ਲਾਭ ਸਿੰਘ ਦੱਸਦਾ ਹੈ ਕਿ ਕੁਝ ਅਰਸਾ ਪਹਿਲਾਂ ਜਦੋਂ ਸੱਤੂ ਹਸਪਤਾਲ ਵਿੱਚ ਬਿਮਾਰ ਪਿਆ ਸੀ ਤਾਂ ਉਨ੍ਹਾਂ ਉਸ ਨੂੰ ਆਪਣਾ ਖੂਨ ਦਿੱਤਾ ਸੀ ਤਾਂ ਜੋ ਸੱਤੂ ਦੀ ਜ਼ਿੰਦਗੀ ਬਚਾਈ ਜਾ ਸਕੇ। ਜਦੋਂ ਲਾਭ ਸਿੰਘ ਨੇ ਚੋਣ ਮੁਹਿੰਮ ਸ਼ੁਰੂ ਕਰਨੀ ਸੀ ਤਾਂ ਸੱਤੂ ਨੇ ਜੇਬ ਵਿੱਚੋਂ ਦਸ ਦਾ ਨੋਟ ਕੱਢਿਆ ਤੇ ਲਾਭ ਸਿੰਘ ਨੂੰ ਸ਼ੁੱਭ ਇੱਛਾਵਾਂ ਦੇ ਕੇ ਘਰੋਂ ਤੋਰਿਆ। ਜਦੋਂ ਅੱਜ ਇਸ ਪਿੰਡ ਵਿੱਚ ਪੁੱਜੇ ਤਾਂ ਲਾਭ ਸਿੰਘ ਦੀ ਪਤਨੀ ਘਰ ਵਿੱਚ ਕੱਪੜੇ ਧੋ ਰਹੀ ਸੀ ਅਤੇ ਉਸ ਦੇ ਬਜ਼ੁਰਗ ਮਾਪੇ ਚਾਹ ਪੀ ਰਹੇ ਸਨ।
ਮਾਂ ਬਲਦੇਵ ਕੌਰ ਪਿੰਡ ਦੇ ਸਕੂਲ ਵਿੱਚ ਸਫ਼ਾਈ ਸੇਵਿਕਾ ਹੈ, ਜੋ ਅੱਜ ਵੀ ਡਿਊਟੀ ’ਤੇ ਗਈ ਹੋਈ ਸੀ। ਪਿਤਾ ਦਰਸ਼ਨ ਸਿੰਘ ਟਰੈਕਟਰ ਡਰਾਈਵਰ ਰਿਹਾ ਹੈ। ਖ਼ੁਦ ਲਾਭ ਸਿੰਘ ਦੀ ਮੋਬਾਈਲ ਰਿਪੇਅਰ ਦੀ ਦੁਕਾਨ ਸੀ। ਮਾਪੇ ਤੇ ਪਤਨੀ ਕਿਧਰੇ ਵੀ ਚੋਣ ਪ੍ਰਚਾਰ ’ਤੇ ਨਹੀਂ ਜਾ ਰਹੇ।
ਮਾਂ ਨੇ ਦੱਸਿਆ ਕਿ ਗੁਰਬਤ ਨੇ ਬਹੁਤ ਬੁਰੇ ਦਿਨ ਦਿਖਾਏ ਹਨ ਅਤੇ ਪੁੱਤ ਨੂੰ ਦਿਹਾੜੀ ਵੀ ਕਰਨੀ ਪੈਂਦੀ ਸੀ। ਉਹ ਆਖਦੀ ਹੈ ਕਿ ਪੁੱਤ ਲਾਭ ਤਾਂ ਹੁਣ ਲੋਕਾਂ ਦੀ ਅਮਾਨਤ ਹੈ। ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਲੋਕ ਹੀ ਲਾਭ ਦੀ ਮੁਹਿੰਮ ਚਲਾ ਰਹੇ ਹਨ। ਪਿੰਡ ਦੇ ਸਾਬਕਾ ਫ਼ੌਜੀ ਚਰਨਜੀਤ ਸਿੰਘ ਚਹਿਲ ਨੇ ਕਿਹਾ ਕਿ ਪਿੰਡ ਦੇ 75 ਦੇ ਕਰੀਬ ਸਾਬਕਾ ਫ਼ੌਜੀ ਹਨ, ਸਭ ਲਾਭ ਸਿੰਘ ਦੀ ਹਮਾਇਤ ਵਿੱਚ ਹਨ।
ਪਿੰਡ ਵਾਲਿਆਂ ਨੇ ਦੱਸਿਆ ਕਿ ਲਾਭ ਸਿੰਘ ਇਮਾਨਦਾਰ ਮੁੰਡਾ ਹੈ ਅਤੇ ਨਿਮਰ ਸੁਭਾਅ ਦਾ ਹੋਣ ਕਰਕੇ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਵੀ ਆਉਂਦਾ-ਜਾਂਦਾ ਹੈ। ਲਾਭ ਸਿੰਘ 2014 ਵਿੱਚ ਵਾਲੰਟੀਅਰ ਵਜੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ।
ਉਸ ਨੇ ਦਿਨ-ਰਾਤ ਇੱਕ ਕਰ ਦਿੱਤਾ ਤੇ ਅਖੀਰ ਉਸ ਦੀ ਮਿਹਨਤ ਦਾ ਮੁੱਲ ਪੈ ਗਿਆ। ਪਿੰਡ ਦੇ ਲੋਕ ਆਖਦੇ ਹਨ ਕਿ ਲਾਭ ਸਿੰਘ ਨੂੰ ਟਿਕਟ ਮਿਲਣ ਨਾਲ ਆਮ ਲੋਕਾਂ ਨੂੰ ਰਾਹ ਖੁੱਲ੍ਹਣ ਦੀ ਆਸ ਬੱਝੀ ਹੈ। ਲਾਭ ਸਿੰਘ ਦਾ ਦੂਸਰਾ ਭਰਾ ਫ਼ੌਜ ਵਿੱਚ ਹੈ।
ਉਗੋਕੇ ਵੱਲੋਂ ਚੰਨੀ ਨੂੁੰ ਚੁਣੌਤੀ
‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਅੱਜ ਮੁੱਖ ਮੰਤਰੀ ਚੰਨੀ ਨੂੰ ਚੁਣੌਤੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇ ਚੰਨੀ ਸੱਚਮੁੱਚ ਵਿੱਚ ਹੀ ਗਰੀਬ ਹੈ ਤਾਂ ਉਸ ਨਾਲ ਆਪਣੀ ਜਾਇਦਾਦ ਵਟਾ ਲਵੇ। ਉਨ੍ਹਾਂ ਕਿਹਾ ਕਿ ਚੰਨੀ ਗਰੀਬ ਨਹੀਂ ਹੈ, ਬਲਕਿ ਮੁੱਖ ਮੰਤਰੀ ਗਰੀਬੀ ਦਾ ਢੌਂਗ ਰਚ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੰਨੀ ਦੇ ਘਰ ਦੋ ਲੱਖ ਰੁਪਏ ਵਾਲਾ ਟਾਈਮ ਪੀਸ ਹੈ ਪਰ ਇਸ ਦੇ ਬਾਵਜੂਦ ਹੁਣ ਚੰਨੀ ਦਾ ਟਾਈਮ ਖਰਾਬ ਚੱਲ ਰਿਹਾ ਹੈ। ਉਗੋਕੇ ਨੇ ਇਹ ਵੀ ਕਿਹਾ ਕਿ ਅਸਲ ਗਰੀਬੀ ਦੇਖਣੀ ਹੈ ਤਾਂ ਚੰਨੀ ਉਸ ਦੇ ਘਰ ਉਗੋਕੇ ਆ ਜਾਣ।