ਪੱਤਰ ਪ੍ਰੇਰਕ
ਅੰਮ੍ਰਿਤਸਰ, 13 ਫਰਵਰੀ
ਇਥੇ ਅੱਜ ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫ਼ਾਸ਼ੀਵਾਦੀ ਵਿਚਾਰਧਾਰਾ ਦਾ ਫ਼ੈਲਾਅ ਰੋਕਣ ਲਈ ਸਾਰੀਆਂ ਤਰੱਕੀ ਪਸੰਦ ਅਤੇ ਲੋਕਤੰਤਰਿਕ ਵਿਚਾਰਧਾਰਾ ਵਾਲ਼ੀਆਂ ਧਿਰਾਂ ਨੂੰ ਇੱਕ ਮੰਚ ’ਤੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੰਜ ਗੱਠਜੋੜ ਜਾਂ ਪਾਰਟੀਆਂ ਚੋਣਾਂ ਲੜ ਰਹੀਆਂ ਹਨ, ਉਨ੍ਹਾਂ ਦੇ ਚੋਣ ਵਾਅਦੇ ਨਿਰੇ ਫ਼ਰਾਡ ਹਨ। ਉਨ੍ਹਾਂ ਕਿਹਾ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਰਾਏਸ਼ੁਮਾਰੀ ਨਹੀਂ ਸਗੋਂ ਖੁਦਗਰਜ਼ ਆਗੂਆਂ ਨੇ ਪੰਜਾਬ ਦੇ ਲੋਕਾਂ ਦੇ ਜਮਹੂਰੀ ਹੱਕਾਂ ’ਤੇ ਹੱਲਾ ਬੋਲ ਦਿੱਤਾ ਹੈ। ਪੰਜਾਬ ਦੇ ਪਾਰਟੀ ਸਰਪ੍ਰਸਤ ਆਗੂ ਬਲਵੰਤ ਸਿੰਘ ਖੇੜਾ ਨੇ ਕਿਹਾ,‘‘ਮੇਰਾ ਕਿਸੇ ਪਾਰਟੀ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ ਪਰ ਵਿਚਾਰਧਾਰਕ ਵਿਰੋਧ ਹੋ ਸਕਦਾ ਹੈ। ਅਸੀਂ ਧਰਮ ਦੇ ਨਾਂ ’ਤੇ ਰਾਜਨੀਤੀ ਕਰ ਰਹੀਆਂ ਪਾਰਟੀਆਂ ਨੂੰ ਰਾਜਨੀਤੀ ਤੋਂ ਬਾਹਰ ਦੇਖਣਾ ਚਾਹੁੰਦੇ ਹਾਂ।’’