ਸੰਜੀਵ ਬੱਬੀ
ਚਮਕੌਰ ਸਾਹਿਬ, 2 ਅਗਸਤ
ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿੱਚ ਸਿਆਸੀ ਪਾਰਟੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਯੋਜਨਾਬੰਦੀ ਹਿਤ ਨਗਰ ਪੰਚਾਇਤ ਚੋਣਾਂ ਰੂਪੀ ਪ੍ਰੈਕਟਿਸ ਮੈਚ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਨਗਰ ਪੰਚਾਇਤ ਚਮਕੌਰ ਸਾਹਿਬ ਵਿੱਚ ਸਥਾਨਕ ਚੋਣਾਂ ਅਗਲੇ ਮਹੀਨਿਆਂ ਵਿੱਚ ਤੈਅ ਹਨ, ਭਾਵੇਂ ਕਿ ਇਸ ਸਬੰਧੀ ਅਜੇ ਕੋਈ ਪੱਕਾ ਐਲਾਨ ਨਹੀਂ ਹੋਇਆ। ਉਕਤ ਚੋਣ ਦੀ ਵਿਧਾਨ ਸਭਾ ਚੋਣਾਂ ਵਿੱਚ ਅਹਿਮੀਅਤ ਨੂੰ ਸਮਝਦਿਆਂ ਸਿਆਸੀ ਧਿਰਾਂ ਨੇ ਵਿਊਂਤਬੰਦੀ ਸ਼ੁਰੂ ਕਰ ਦਿੱਤੀ ਹੈ। ਹਲਕੇ ਤੋਂ ਤੀਜੀ ਵਾਰ ਵਿਧਾਇਕ ਬਣੇ ਚਰਨਜੀਤ ਸਿੰਘ ਚੰਨੀ ਦੇ ਚੋਣਾਂ ਜਿੱਤਣ ਦੇ ‘ਹੁਨਰ’ ਤੋਂ ਸਾਰੇ ਭਲੀਂ ਭਾਤ ਵਾਕਫ਼ ਹਨ ਅਤੇ ਉਨ੍ਹਾਂ ਥੀਮ ਪਾਰਕ ਦਾ ਕੰਮ, ਚਮਕੌਰ ਸਾਹਿਬ ਦੇ ਸੁੰਦਰੀਕਰਨ ਵਿੱਚ ਤੇਜ਼ੀ ਲਿਆਉਣ ਤੋਂ ਇਲਾਵਾ ਸਕਿੱਲ ਇੰਸਟੀਚਿਊਟ ਵਰਗਾ ਅਦਾਰਾ ਹਲਕੇ ਵਿੱਚ ਲਿਆ ਕੇ ਆਪਣੀ ਪੈਂਠ ਮਜ਼ਬੂਤ ਤਾਂ ਕਰ ਰਹੀ ਹੈ ਪਰ ਬੇਲਾ-ਰੂਪਨਗਰ, ਕਾਇਨੌਰ-ਮੋਰਿੰਡਾ ਸੜਕਾਂ ਸਮੇਤ ਲਿੰਕ ਸੜਕਾਂ ਦੀ ਮੰਦੀ ਹਾਲਤ ਉਨ੍ਹਾਂ ਦੀ ਕਿਰਕਿਰੀ ਕਰਵਾ ਰਹੀ ਹੈ ਅਤੇ ਵਿਰੋਧੀ ਧਿਰਾਂ ਵੀ ਇਸ ਮੁੱਦੇ ਨੂੰ ਉਭਾਰ ਰਹੀਆਂ ਹਨ।
ਹਲਕੇ ਵਿੱਚ ਲੰਮੇ ਸਮੇਂ ਤੋਂ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਵਜੋਂ ਸਰਗਰਮ ਬੇਦਾਗ ਸੰਧੂ ਪਰਿਵਾਰ ਵੱਲ ਹੁਣ ਤੱਕ ਕੋਈ ਭ੍ਰਿਸ਼ਟਾਚਾਰ ਜਾਂ ਹੋਰ ਕਾਰਨ ਕਰਕੇ ਉਂਗਲ ਨਹੀਂ ਕੋਈ ਚੁੱਕ ਸਕਿਆ ਹੈ। ਹੁਣ ਸਾਬਕਾ ਮੰਤਰੀ ਸਤਵੰਤ ਕੌਰ ਸੰਧੂ ਦੇ ਸੇਵਾ ਮੁਕਤ ਪੁਲੀਸ ਅਧਿਕਾਰੀ ਪੁੱਤਰ ਹਰਮੋਹਣ ਸਿੰਘ ਸੰਧੂ ਨੇ ਹਲਕੇ ਦੀ ਵਾਗਡੋਰ ਸੰਭਾਲੀ ਹੈ ਅਤੇ ਜਿਸ ਤਰ੍ਹਾਂ ਉਹ ਸਰਗਰਮੀ ਨਾਲ ਵਿਚਰ ਰਹੇ ਹਨ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਅਕਾਲੀ ਦਲ ਦੇ ਡੇਢ ਦਹਾਕੇ ਤੋਂ ਗੁਆਚੇ ਦਿਨ ਪਰਤ ਸਕਦੇ ਹਨ। ਚਮਕੌਰ ਸਾਹਿਬ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਦੇ ਧੜੇ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਕਾਰਨ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ, ਕਿਉਂਕਿ ਮਾਂਗਟ ਧੜਾ ਹਲਕੇ ਵਿੱਚ ਆਪਣੀ ਚੰਗੀ ਪਛਾਣ ਰੱਖਦਾ ਹੈ। ‘ਆਪ’ ਵਰਕਰ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਹਤਾਸ਼ ਤਾਂ ਹਨ, ਪਰ ਨਿਰਾਸ਼ ਨਹੀਂ। ਉਨ੍ਹਾਂ ਵੀ ਵਿਧਾਨ ਸਭਾ ਚੋਣਾਂ ਵਿੱਚ ਦੋਇਮ ਰਹੇ ਡਾ. ਚਰਨਜੀਤ ਸਿੰਘ ਦੀ ਅਗਵਾਈ ਵਿੱਚ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ।
ਬਸਪਾ ਦੇ ਹਲਕਾ ਇੰਚਾਰਜ ਤੇ ਸੰਭਾਵਿਤ ਉਮੀਦਵਾਰ ਰਾਜਿੰਦਰ ਸਿੰਘ ਰਾਜਾ ਨੇ ਪਿੰਡਾਂ ਵਿੱਚ ਆਪਣੀ ਮੁਹਿੰਮ ਦੀ ਵਾਗਡੋਰ ਸੈਣੀ ਮਹਾਂ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਲੌਂਗੀਆ ਨੂੰ ਸੌਂਪ ਕੇ ਸੈਣੀ ਭਾਈਚਾਰੇ ਦੇ ਪਿੰਡਾਂ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦਾ ਯਤਨ ਕੀਤਾ ਹੈ। ਕੁੱਲ ਮਿਲਾ ਕੇ ਸਾਰੀਆਂ ਸਿਆਸੀ ਪਾਰਟੀਆਂ ਚਮਕੌਰ ਸਾਹਿਬ ਤੋਂ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਜੁਟ ਗਈਆਂ ਹਨ।