ਚਰਨਜੀਤ ਭੁੱਲਰ
ਚੰਡੀਗੜ੍ਹ, 19 ਦਸੰਬਰ
ਕਾਂਗਰਸ ਦੀ ਸਕਰੀਨਿੰਗ ਕਮੇਟੀ ਨੇ ਸਿਆਸੀ ਪੁਣਛਾਣ ਦਾ ਪਹਿਲਾ ਗੇੜ ਮੁਕੰਮਲ ਕਰ ਲਿਆ ਹੈ। ਕਮੇਟੀ ਦੇ ਚੇਅਰਮੈਨ ਅਜੈ ਮਾਕਨ ਅਤੇ ਮੈਂਬਰਾਂ ਨੇ ਤਿੰਨ ਦਿਨ ਦੌਰਾਨ ਪਾਰਟੀ ਦੇ ਸਾਬਕਾ ਪ੍ਰਧਾਨਾਂ, ਸੀਨੀਅਰ ਆਗੂਆਂ, ਵਜ਼ੀਰਾਂ ਅਤੇ ਵਿਧਾਇਕਾਂ ਤੋਂ ਉਮੀਦਵਾਰਾਂ ਦੀ ਚੋਣ ਦੇ ਮੱਦੇਨਜ਼ਰ ਫੀਡ ਬੈਕ ਲੈ ਲਈ ਹੈ। ਅੱਜ ਕਮੇਟੀ ਦੇ ਚੇਅਰਮੈਨ ਅਜੈ ਮਾਕਨ ਵਾਪਸ ਦਿੱਲੀ ਗਏ ਹਨ। ਲੰਘੀ ਰਾਤ ਵੀ ਸਕਰੀਨਿੰਗ ਕਮੇਟੀ ਦੀ ਵੱਖਰੀ ਮੀਟਿੰਗ ਹੋਈ ਜਿਸ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ, ਪਾਰਟੀ ਪ੍ਰਧਾਨ ਨਵਜੋਤ ਸਿੱਧੂ, ਪੰਜਾਬ ਇੰਚਾਰਜ ਹਰੀਸ਼ ਚੌਧਰੀ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਆਦਿ ਸ਼ਾਮਿਲ ਹੋਏ।
ਅਹਿਮ ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਤਰਫ਼ੋਂ ਤਿੰਨ ਪੜਾਅ ’ਚ ਆਗਾਮੀ ਪੰਜਾਬ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਐਲਾਨੀ ਜਾਵੇਗੀ ਅਤੇ ਪਹਿਲੀ ਸੂਚੀ ਚੋਣ ਜ਼ਾਬਤਾ ਲੱਗਣ ਮਗਰੋਂ ਐਲਾਨੀ ਜਾਣੀ ਹੈ। ਪਹਿਲੀ ਸੂਚੀ ਵਿਚ ਨਿਰਵਿਵਾਦ ਉਮੀਦਵਾਰ ਅਤੇ ਮੌਜੂਦਾ ਵਿਧਾਇਕਾਂ ਤੇ ਵਜ਼ੀਰਾਂ ’ਚੋਂ ਉਮੀਦਵਾਰ ਐਲਾਨੇ ਜਾਣਗੇ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਕਾਂਗਰਸ ਕੋਲ ਹੁਣ ਤੱਕ 117 ਵਿਧਾਨ ਸਭਾ ਹਲਕਿਆਂ ’ਚੋਂ ਟਿਕਟ ਲੈਣ ਲਈ ਕਰੀਬ 450 ਚਾਹਵਾਨਾਂ ਦੀਆਂ ਅਰਜ਼ੀਆਂ ਪੁੱਜ ਚੁੱਕੀਆਂ ਹਨ। ਭਲਕੇ ਅਰਜ਼ੀਆਂ ਲੈਣ ਦੀ ਆਖ਼ਰੀ ਤਾਰੀਕ ਹੈ। ਇਹ ਅੰਕੜਾ 500 ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਮੌਜੂਦਾ ਰੁਝਾਨ ਅਨੁਸਾਰ ਹਰ ਵਿਧਾਨ ਸਭਾ ਹਲਕੇ ਪਿੱਛੇ ਔਸਤਨ 4 ਤੋਂ 5 ਉਮੀਦਵਾਰ ਹਨ ਜੋ ਟਿਕਟ ਦੇ ਚਾਹਵਾਨ ਹਨ। ਸਕਰੀਨਿੰਗ ਕਮੇਟੀ ਤਰਫ਼ੋਂ ਤਿੰਨ ਦਿਨਾਂ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਉਨ੍ਹਾਂ ਉਮੀਦਵਾਰਾਂ ਬਾਰੇ ਪੁੱਛਿਆ ਗਿਆ ਜਿਨ੍ਹਾਂ ’ਚ ਉਹ ਨਿੱਜੀ ਦਿਲਚਸਪੀ ਲੈਂਦੇ ਹਨ। ਕਾਂਗਰਸ ਹਾਈਕਮਾਨ ਤਰਫ਼ੋਂ ਕਰੀਬ ਚਾਰ ਸਰਵੇ ਵੀ ਕਰਾਏ ਜਾ ਚੁੱਕੇ ਜਿਨ੍ਹਾਂ ਨੂੰ ਉਮੀਦਵਾਰਾਂ ਦੀ ਚੋਣ ਵੇਲੇ ਧਿਆਨ ਵਿਚ ਰੱਖਿਆ ਜਾਵੇਗਾ। ਸੂਤਰ ਆਖਦੇ ਹਨ ਕਿ ਕਈ ਵਿਧਾਇਕਾਂ ਦੇ ਹਲਕੇ ਵੀ ਬਦਲੇ ਜਾਣੇ ਹਨ।
ਹਾਈਕਮਾਨ ਹਾਲੇ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਨੂੰ ਲੈ ਕੇ ਚਿੰਤਾ ਚੋਂ ਨਹੀਂ ਨਿਕਲੀ ਹੈ। ਪੰਜਾਬ ਵਿਚ ਇਸ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਕਿਧਰੇ ਵੀ ਇੱਕ ਮੰਚ ’ਤੇ ਨਹੀਂ ਦਿਖੇ ਹਨ। ਜਲੰਧਰ ਕੈਂਟ ਵਿੱਚ ਕੈਬਨਿਟ ਮੰਤਰੀ ਪਰਗਟ ਸਿੰਘ ਵੱਲੋਂ ਰੱਖੇ ਸਮਾਗਮਾਂ ’ਚੋਂ ਵੀ ਨਵਜੋਤ ਸਿੱਧੂ ਦੀ ਗ਼ੈਰਹਾਜ਼ਰੀ ਤੋਂ ਸੰਕੇਤ ਮਿਲਦੇ ਹਨ ਕਿ ਦੋਵੇਂ ਆਗੂਆਂ ’ਚ ਹਾਲੇ ਇਕਸੁਰਤਾ ਨਹੀਂ ਬਣੀ ਹੈ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਜਲੰਧਰ ਰੈਲੀ ਵਿੱਚ ਆਖ ਦਿੱਤਾ ਸੀ ਕਿ 32 ਕਿਸਾਨ ਧਿਰਾਂ ਦੇ ਆਗੂ ਏਕਤਾ ਬਣਾ ਸਕਦੇ ਹਨ ਤਾਂ ਇਹ ਦੋ ਆਗੂ ਕਿਉਂ ਇਕੱਠੇ ਨਹੀਂ ਬੈਠ ਸਕਦੇ। ਉਨ੍ਹਾਂ ਦਾ ਇਸ਼ਾਰਾ ਸਿੱਧੂ ਤੇ ਚੰਨੀ ਵੱਲ ਸੀ। ਆਖ਼ਰੀ ਵਾਰ ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ’ਚ ਚੰਨੀ ਖ਼ਿਲਾਫ਼ ਆਪਣਾ ਸ਼ਿਕਵਾ ਜ਼ਾਹਿਰ ਕੀਤਾ ਸੀ। ਇਹ ਵੱਖਰੀ ਗੱਲ ਹੈ ਕਿ ਦੂਸਰੇ ਦਿਨ ਹੀ ਜਗਰਾਓਂ ਰੈਲੀ ’ਚ ਆਖਿਆ ਸੀ ਕਿ ਉਹ ਤੇ ਚੰਨੀ ਬਲਦਾਂ ਦੀ ਜੋੜੀ ਹਨ।
ਦਾਗ਼ੀ ਚਿਹਰਿਆਂ ਤੋਂ ਕਾਂਗਰਸ ਹਾਈਕਮਾਂਡ ’ਚ ਦੁਬਿਧਾ
ਕਾਂਗਰਸ ਹਾਈ ਕਮਾਨ ਅਗਲੀਆਂ ਚੋਣਾਂ ਵਿਚ ਦਾਗ਼ੀ ਵਿਧਾਇਕਾਂ ਤੇ ਵਜ਼ੀਰਾਂ ਨੂੰ ਉਮੀਦਵਾਰ ਬਣਾਏ ਜਾਣ ਨੂੰ ਲੈ ਕੇ ਜਕੋਤਕੀ ਵਿੱਚ ਹੈ। ਸੀਨੀਅਰ ਆਗੂ ਰਾਹੁਲ ਗਾਂਧੀ ਇਸ਼ਾਰਾ ਕਰ ਚੁੱਕੇ ਹਨ ਕਿ ਮਾਫ਼ੀਆ ਮੁਕਤ ਉਮੀਦਵਾਰ ਬਣਾਏ ਜਾਣਗੇ ਪਰ ਉਨ੍ਹਾਂ ਦਾ ਇਹ ਫ਼ੈਸਲਾ ਹਕੀਕਤ ਬਣ ਸਕੇਗਾ ਜਾਂ ਨਹੀਂ, ਇਹ ਵਕਤ ਦੱਸੇਗਾ। ਇਸ ਮਾਮਲੇ ਵਿੱਚ ਕਈ ਵਿਧਾਇਕਾਂ ਅਤੇ ਇੱਕਾ-ਦੁੱਕਾ ਮੌਜੂਦਾ ਵਜ਼ੀਰਾਂ ਦੀ ਦਾਅਵੇਦਾਰੀ ਖੁੱਸ ਸਕਦੀ ਹੈ। ਹਾਈਕਮਾਨ ਅੱਗੇ ਵੱਡੀ ਦਿੱਕਤ ਹੈ ਕਿ ਜੇਕਰ ਕਿਸੇ ਵੱਡੇ ਚਿਹਰੇ ਦੀ ਟਿਕਟ ਕੱਟੀ ਤਾਂ ਉਸ ਮੌਕੇ ਦਾ ਫ਼ਾਇਦਾ ਕੈਪਟਨ ਅਮਰਿੰਦਰ ਸਿੰਘ ਲੈ ਸਕਦੇ ਹਨ।