ਚਰਨਜੀਤ ਭੁੱਲਰ
ਚੰਡੀਗੜ੍ਹ, 5 ਜੂਨ
ਭਾਜਪਾ ਨੇ ‘ਮਿਸ਼ਨ ਪੰਜਾਬ’ ਦਾ ਆਗਾਜ਼ ਕਰ ਦਿੱਤਾ ਹੈ, ਜਿਸ ਤਹਿਤ ਆਗਾਮੀ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਯੋਜਨਾਬੰਦੀ ਕੀਤੀ ਗਈ ਹੈ। ਕਾਂਗਰਸ ਦੇ ਚਾਰ ਸਾਬਕਾ ਮੰਤਰੀਆਂ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ਦੀ ਸ਼ਮੂਲੀਅਤ ਮਗਰੋਂ ਭਾਜਪਾ ਦੀ ਲੀਡਰਸ਼ਿਪ ਮਜ਼ਬੂਤ ਮਹਿਸੂਸ ਕਰਨ ਲੱਗੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸੀ ਕਿਲ੍ਹੇ ਨੂੰ ਸੰਨ੍ਹ ਲਾ ਕੇ ਪਾਰਟੀ ਵਰਕਰਾਂ ਦੇ ਹੌਸਲੇ ਵਧਾ ਦਿੱਤੇ ਹਨ। ਭਾਜਪਾ ਨੇ ਪੰਜਾਬ ਵਿੱਚ ਮੁੱਖ ਪਾਰਟੀ ਬਣਨ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ। ਸੂਬੇ ਵਿੱਚ ਸੁਨੀਲ ਜਾਖੜ ਦੀ ਭੂਮਿਕਾ ਅਹਿਮ ਰਹੇਗੀ।
ਅਹਿਮ ਸੂਤਰਾਂ ਅਨੁਸਾਰ ਭਾਜਪਾ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਹਦਾਇਤ ਕੀਤੀ ਹੈ ਕਿ 15 ਜੂਨ ਤੱਕ ਸੂਬੇ ਭਰ ਵਿੱਚ ਰੈਲੀਆਂ ਕਰਕੇ ਕੇਂਦਰ ਸਰਕਾਰ ਦੇ ਅੱਠ ਵਰ੍ਹਿਆਂ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕੀਤਾ ਜਾਵੇ। ਤਿੰਨ ਕੇਂਦਰੀ ਵਜ਼ੀਰਾਂ ਦੀ 9 ਲੋਕ ਸਭਾ ਹਲਕਿਆਂ ਵਿੱਚ ਪੱਕੀ ਡਿਊਟੀ ਲਗਾ ਦਿੱਤੀ ਗਈ ਹੈ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਮਨਸੁੱਖ ਮਾਂਡਵੀਆ ਅਤੇ ਅਰਜਨ ਮੇਘਵਾਲ ਜੁਲਾਈ ਮਹੀਨੇ ਤੋਂ ਹਰ ਮਹੀਨੇ ਦੋ-ਦੋ ਦਿਨ ਹਲਕੇ ਵਿੱਚ ਰਹਿਣਗੇ। ਹਰ ਕੇਂਦਰੀ ਮੰਤਰੀ ਆਪਣੇ ਲੋਕ ਸਭਾ ਹਲਕੇ ਵਿੱਚ ਦੋ ਰਾਤਾਂ ਕੱਟੇਗਾ। ਇਸੇ ਤਰ੍ਹਾਂ ਹੀ ਹਰ ਲੋਕ ਸਭਾ ਹਲਕੇ ਵਿੱਚ 150 ਪੋਲਿੰਗ ਬੂਥਾਂ ਦੀ ਸ਼ਨਾਖ਼ਤ ਕਰਨ ਵਾਸਤੇ ਆਖਿਆ ਗਿਆ ਹੈ, ਜਿੱਥੇ ਭਾਜਪਾ ਨੂੰ ਨਾਮਾਤਰ ਜਾਂ ਫਿਰ ਵੋਟ ਪਈ ਹੀ ਨਹੀਂ ਹੈ। ਭਾਜਪਾ ਵਿੱਚ ਜੋ ਨਵੇਂ ਚਿਹਰੇ ਕਾਂਗਰਸ ਵਿੱਚੋਂ ਸ਼ਾਮਲ ਕਰਵਾਏ ਗਏ ਹਨ, ਉਨ੍ਹਾਂ ਨੂੰ ਦਿਹਾਤੀ ਪੰਜਾਬ ਵਿੱਚ ਤਾਇਨਾਤ ਕੀਤਾ ਜਾਵੇਗਾ। ਭਾਜਪਾ ਵੱਲੋਂ ਹੁਣ ਪੇਂਡੂ ਖੇਤਰ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਮਹਿਸੂਸ ਕਰਦੀ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਵੀ ਕਿਸਾਨ ਭਾਈਚਾਰੇ ਵਿੱਚੋਂ ਕੇਂਦਰ ਪ੍ਰਤੀ ਰੰਜ ਹਾਲੇ ਗਿਆ ਨਹੀਂ ਹੈ। ਬੇਸ਼ੱਕ ਪੰਜਾਬ ਦੇ ਕਿਸਾਨਾਂ ਨੇ ਭਾਜਪਾ ਦੀ ਘੇਰਾਬੰਦੀ ਬੰਦ ਕਰ ਦਿੱਤੀ ਹੈ ਪਰ ਹਾਲੇ ਵੀ ਉਨ੍ਹਾਂ ਪਾਰਟੀ ਨੂੰ ਕਿਸੇ ਤਰ੍ਹਾਂ ਦੀ ਹਮਾਇਤ ਦੇਣ ਦਾ ਮਨ ਨਹੀਂ ਬਣਾਇਆ ਜਾਪਦਾ ਹੈ। ਭਾਜਪਾ ਦੀ ਰਣਨੀਤੀ ਹੈ ਕਿ ਕਿਸਾਨਾਂ ਦੇ ਮਨਾਂ ਵਿੱਚੋਂ ਭਾਜਪਾ ਪ੍ਰਤੀ ਬਣਿਆ ਰੋਸਾ ਕੱਢਿਆ ਜਾਵੇ। ਕਾਂਗਰਸ ਵਿੱਚੋਂ ਭਾਜਪਾ ਵਿਚ ਸ਼ਾਮਲ ਹੋਏ ਸਾਬਕਾ ਮੰਤਰੀਆਂ ਨੂੰ ਇਹ ਹਦਾਇਤ ਕੀਤੀ ਜਾਵੇਗੀ ਕਿ ਉਹ ਕਿਸਾਨ ਆਗੂਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਭਾਜਪਾ ਨਾਲ ਸਬੰਧ ਸੁਖਾਵੇਂ ਕਰਨ। ਭਾਜਪਾ ਨੇ ਆਗੂਆਂ ਨੂੰ ਕਿਹਾ ਹੈ ਕਿ ਉਹ ਪੰਥਕ ਹਲਕਿਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਕੰਮ ਗਿਣਵਾਉਣ ਅਤੇ ਸਿੱਖ ਵਿਦਵਾਨਾਂ ਤੱਕ ਵੀ ਪਹੁੰਚ ਕਰਨ।
ਕਾਂਗਰਸ ਲਈ ਵੱਡਾ ਝਟਕਾ
ਪੰਜਾਬ ਕਾਂਗਰਸ ਨੂੰ ਇਹ ਵੱਡਾ ਝਟਕਾ ਹੈ ਅਤੇ ਮਾਲਵਾ ਖ਼ਿੱਤੇ ਵਿਚ ਸਿਵਾਏ ਰਾਜਾ ਵੜਿੰਗ ਤੋਂ ਕੋਈ ਵੱਡਾ ਚਿਹਰਾ ਕਾਂਗਰਸ ਕੋਲ ਨਹੀਂ ਰਿਹਾ ਹੈ, ਜਦੋਂ ਕਿ ਮਾਝੇ ਵਿੱਚ ਕੁਝ ਮਜ਼ਬੂਤ ਆਗੂ ਹਨ। ਸਾਬਕਾ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਹੀ ਭਾਜਪਾ ਵਿੱਚ ਚਲੇ ਗਏ ਹਨ, ਜਦਕਿ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਪਟਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਅੱਜ-ਕੱਲ੍ਹ ਚੁੱਪ ਹਨ, ਜਦੋਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਆਖ ਚੁੱਕੇ ਹਨ।
ਅਕਾਲੀ ਦਲ ਲਈ ਦਰਵਾਜ਼ੇ ਬੰਦ ਕੀਤੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨ ਕਿਹਾ ਸੀ ਕਿ ਹਿੰਦੂ-ਸਿੱਖ ਏਕਤਾ ਲਈ ਹੁਣ ਉਹ ਪੰਜਾਬ ਵਿੱਚ ਅੱਗੇ ਹੋ ਕੇ ਕੰਮ ਕਰਨਗੇ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਭਾਜਪਾ ਵੱਡੇ ਭਰਾ ਵਾਲੀ ਭੂਮਿਕਾ ਅਦਾ ਕਰੇਗੀ। ਉਨ੍ਹਾਂ ਇਸ਼ਾਰਾ ਕੀਤਾ ਕਿ ਜੇਕਰ ਕੋਈ ਆਗੂ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਹਿਯੋਗੀ ਵਜੋਂ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਲੜਨੀ ਪਵੇਗੀ। ਇੱਕ ਤਰੀਕੇ ਨਾਲ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਲਈ ਸਭ ਦਰਵਾਜ਼ੇ ਬੰਦ ਕਰ ਦਿੱਤੇ ਹਨ।
ਜਿਨ੍ਹਾਂ ਨੂੰ ਦਾਗ਼ਦਾਰ ਦੱਸਦੇ ਰਹੇ ਉਹ ਦੁੱਧ ਧੋਤੇ ਕਿਵੇਂ ਹੋ ਗਏ: ‘ਆਪ’
ਵਿਰੋਧੀ ਧਿਰਾਂ ਨੇ ਭਾਜਪਾ ਨੂੰ ਆੜੇ ਹੱਥੀਂ ਲਿਆ ਹੈ। ‘ਆਪ’ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਕਾਂਗਰਸ ਦਾ ਕੂੜਾ ਹੁਣ ਭਾਜਪਾ ਨੇ ਇਕੱਠਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਜਿਨ੍ਹਾਂ ਨੂੰ ਲੰਘੇ ਦਿਨ ਤੱਕ ਦਾਗ਼ਦਾਰ ਦੱਸਦੇ ਰਹੇ, ਉਨ੍ਹਾਂ ਲਈ ਅੱਜ ਉਹੀ ਆਗੂ ਦੁੱਧ ਧੋਤੇ ਕਿਵੇਂ ਹੋ ਗਏ ਹਨ।