ਚਰਨਜੀਤ ਭੁੱਲਰ
ਚੰਡੀਗੜ੍ਹ, 29 ਸਤੰਬਰ
ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ‘ਪੰਜਾਬ ਮੋਹ’ ਉੱਤੇ ਹੁਣ ਸਵਾਲ ਖੜ੍ਹੇ ਹੋਣ ਲੱਗੇ ਹਨ। ਸਿੱਧੂ ਕੁਝ ਅਰਸੇ ਤੋਂ ਪੰਜਾਬ ’ਚ ਮੁੱਦਿਆਂ ਦੀ ਸਿਆਸਤ ਨੂੰ ਲੈ ਕੇ ਚੱਲੇ ਹੋਏ ਹਨ। ਜਦੋਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਤਾਂ ਉਨ੍ਹਾਂ ਪੰਜਾਬ ਦੇ 18 ਨੁਕਾਤੀ ਏਜੰਡੇ ਦੀ ਗੱਲ ਰੱਖੀ ਸੀ। ਹੁਣ ਜਦੋਂ ਉਨ੍ਹਾਂ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਉਹ ਮੁੱਦਿਆਂ ’ਤੇ ਕੋਈ ਸਮਝੌਤਾ ਨਹੀਂ ਕਰਨਗੇ। ਪ੍ਰਧਾਨਗੀ ਸੰਭਾਲਣ ਤੋਂ 72 ਦਿਨਾਂ ਮਗਰੋਂ ਹੀ ਨਵਜੋਤ ਸਿੱਧੂ ਵੱਲੋਂ ਅਚਨਚੇਤ ਅਸਤੀਫ਼ਾ ਦੇਣਾ ਪੰਜਾਬ ਦੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ।ਨਵਜੋਤ ਸਿੱਧੂ ਵੱਲੋਂ ਹੁਣ ਅਸਤੀਫ਼ਾ ਦੇਣ ਪਿੱਛੇ ਜੋ ਵਜ੍ਹਾ ਦੱਸੀ ਗਈ ਹੈ, ਉਹ ਇਖ਼ਲਾਕੀ ਤੌਰ ’ਤੇ ਵਜ਼ਨ ਰੱਖਦੀ ਹੈ ਕਿ ਬਰਗਾੜੀ ਕਾਂਡ ਦੀ ਪਹਿਲੀ ‘ਸਿਟ’ ਨਾਲ ਜੁੜੇ ਅਧਿਕਾਰੀ ਨੂੰ ਡੀਜੀਪੀ ਬਣਾ ਦਿੱਤਾ ਗਿਆ ਹੈ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਨੂੰ ਐਡਵੋਕੇਟ ਜਨਰਲ ਦਾ ਅਹੁਦਾ ਦੇ ਦਿੱਤਾ ਗਿਆ। ਇਵੇਂ ਹੀ ਸਿੱਧੂ ਨੇ ਵਜ਼ਾਰਤ ਵਿਚ ਦਾਗ਼ੀ ਵਜ਼ੀਰਾਂ ਦੀ ਸ਼ਮੂਲੀਅਤ ’ਤੇ ਉਂਗਲ ਉਠਾਈ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਸਭ ਕੁਝ ਠੀਕ ਹੈ, ਪਰ ਹਰ ਮਸਲੇ ਦਾ ਹੱਲ ਅਸਤੀਫ਼ਾ ਨਹੀਂ ਹੁੰਦਾ ਹੈ। ਨਵਜੋਤ ਸਿੱਧੂ ਨੇ 2004 ਵਿਚ ਭਾਜਪਾ ਵੱਲੋਂ ਸੰਸਦ ਮੈਂਬਰ ਬਣ ਕੇ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਬਤੌਰ ਐੱਮਪੀ ਪੰਜਾਬ ਦੇ ਕਿੰਨੇ ਮੁੱਦੇ ਉਠਾਏ, ਇਹ ਦੇਖਣ ਲਈ ਉਨ੍ਹਾਂ ਦੀ ਸੰਸਦ ’ਚ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ। ਸਿੱਧੂ ਨੇ 2004 ਤੋਂ 2009 ਤੱਕ ਬਤੌਰ ਸੰਸਦ ਮੈਂਬਰ ਪਾਰਲੀਮੈਂਟ ਵਿਚ ਕੁੱਲ 234 ਸਵਾਲ ਕੀਤੇ, ਜਿਨ੍ਹਾਂ ’ਚੋਂ ਸਿਰਫ਼ 30 (ਅੰਦਾਜ਼ਨ 13 ਫ਼ੀਸਦੀ) ਹੀ ਸਿੱਧੇ ਤੌਰ ’ਤੇ ਪੰਜਾਬ ਨਾਲ ਸਬੰਧਤ ਸਨ। ਇਨ੍ਹਾਂ ’ਚੋਂ ਸਿਰਫ਼ 4 ਸਵਾਲ ਹੀ ਖੇਤੀ ਨਾਲ ਸਬੰਧ ਰੱਖਦੇ ਸਨ। ਸਿੱਧੂ ਦੀ ਦੂਸਰੀ ਪਾਰੀ ਭਾਵ 2009 ਤੋਂ 2014 ਤੱਕ ਦੀ ਰਹੀ ਅਤੇ ਇਨ੍ਹਾਂ ਪੰਜ ਸਾਲਾਂ ਉਨ੍ਹਾਂ ਦੀ ਪਾਰਲੀਮੈਂਟ ਵਿਚ ਹਾਜ਼ਰੀ ਸਿਰਫ਼ 28 ਫ਼ੀਸਦੀ ਰਹੀ ਹੈ। ਸਿੱਧੂ ਨੇ ਪਾਰਲੀਮੈਂਟ ਵਿਚ 99 ਸਵਾਲ ਕੀਤੇ, ਜਿਨ੍ਹਾਂ ’ਚੋਂ 12 ਸਿੱਧੇ ਤੌਰ ’ਤੇ ਪੰਜਾਬ ਨਾਲ ਸਬੰਧਤ ਸਨ।
ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕਿਸਾਨੀ ਘੋਲ ’ਚ ਨਵਜੋਤ ਸਿੱਧੂ ਦਾ ਸਿਰਫ਼ ਏਨਾ ਕੁ ਯੋਗਦਾਨ ਰਿਹਾ ਹੈ ਕਿ ਸਿੱਧੂ ਨੇ ਇੱਕ ਦਿਨ ਆਪਣੇ ਘਰ ਉੱਪਰ ਕਾਲਾ ਝੰਡਾ ਲਾਇਆ ਅਤੇ ਕੁਝ ਕੁ ਟਵੀਟ ਕੀਤੇ। ਉਧਰ ਸਿੱਧੂ ਹਮਾਇਤੀ ਆਖਦੇ ਹਨ ਕਿ ਨਵਜੋਤ ਸਿੱਧੂ ਹੀ ਹੈ ਜਿਸ ਨੇ ਪੱਲਿਓਂ ਕਿੰਨੇ ਕਿਸਾਨਾਂ ਨੂੰ ਕਣਕਾਂ ਨੂੰ ਅੱਗ ਲੱਗਣ ’ਤੇ ਪੈਸੇ ਦਿੱਤੇ ਸਨ। ਹੁਣ ਸਵਾਲ ਇਹ ਉੱਠ ਰਹੇ ਹਨ ਕਿ ਜਦੋਂ ਬਰਗਾੜੀ ਅਤੇ ਬਹਬਿਲ ਕਾਂਡ ਵਾਪਰੇ ਸਨ ਤਾਂ ਉਦੋਂ ਇਨ੍ਹਾਂ ਮੁੱਦਿਆਂ ਨੂੰ ਤਤਕਾਲੀ ਗੱਠਜੋੜ ਸਰਕਾਰ ਕੋਲ ਸਿੱਧੂ ਨੇ ਕਿਉਂ ਨਹੀਂ ਉਠਾਇਆ ਸੀ।
ਨਵਜੋਤ ਸਿੱਧੂ ਲਈ ਹੁਣ ਪਰਖ ਦੀ ਘੜੀ
ਨਵਜੋਤ ਸਿੱਧੂ ਅਸਤੀਫ਼ਾ ਦੇਣ ਤੋਂ 30 ਘੰਟਿਆਂ ਮਗਰੋਂ ਵੀ ਆਪਣੇ ਸਟੈਂਡ ’ਤੇ ਕਾਇਮ ਹਨ। ਇਸ ਦੌਰਾਨ ਪੰਜਾਬ ’ਚ ਇਹ ਸਿਆਸੀ ਚਰਚਾ ਛਿੜੀ ਹੈ ਕਿ ਨਵਜੋਤ ਸਿੱਧੂ ਹੁਣ ਮੁੱਦਿਆਂ ’ਤੇ ਕੋਈ ਸਮਝੌਤਾ ਨਹੀਂ ਕਰਨਗੇ। ਸਿੱਧੂ ਦੇ ਇਖ਼ਲਾਕ ਤੋਂ ਇਹ ਗੱਲ ਸਾਫ਼ ਹੈ ਕਿ ਉਹ ਦਾਗ਼ੀ ਵਜ਼ੀਰਾਂ ਦੀ ਵਜ਼ਾਰਤ ’ਚੋਂ ਛੁੱਟੀ ਕਰਾਏ ਬਿਨਾਂ ਅਸਤੀਫ਼ਾ ਵਾਪਸ ਨਹੀਂ ਲੈਣਗੇ। ਸੂਤਰਾਂ ਮੁਤਾਬਕ ਹਾਈਕਮਾਨ ਇੱਕ ਅੱਧੇ ਅਧਿਕਾਰੀ ਨੂੰ ਤਬਦੀਲ ਕਰਕੇ ਸਿੱਧੂ ਨੂੰ ਸ਼ਾਂਤ ਕਰ ਸਕਦੀ ਹੈ, ਪਰ ਸਿੱਧੂ ਮੁੱਦਿਆਂ ’ਤੇ ਸਟੈਂਡ ਲੈਣ ਦੇ ਮਾਮਲੇ ’ਚ ਏਨੇ ਪੱਕੇ ਹਨ ਕਿ ਕਿਸੇ ਅਧਿਕਾਰੀ ਦੇ ਤਬਾਦਲੇ ਨਾਲ ਮੰਨਣ ਵਾਲੇ ਨਹੀਂ। ਉਂਜ ਸਿੱਧੂ ਇੰਜ ਹੀ ਮੰਨ ਜਾਂਦੇ ਹਨ ਤਾਂ ਇਹ ਉਨ੍ਹਾਂ ਦੇ ਚਰਿੱਤਰ ਲਈ ਵੱਡੀ ਢਾਹ ਹੋਵੇਗਾ।
ਅਸਤੀਫ਼ੇ ਨਾਲ ਕਾਂਗਰਸ ਹਮਾਇਤੀਆਂ ਦੇ ਹੌਸਲੇ ਪਸਤ ਹੋਣ ਦੇ ਆਸਾਰ
ਅੰਮ੍ਰਿਤਸਰ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਚਨਚੇਤ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਕਾਰਨ ਕਾਂਗਰਸੀ ਆਗੂ ਮਹਿਸੂਸ ਕਰ ਰਹੇ ਹਨ ਕਿ ਇਸ ਫ਼ੈਸਲੇ ਮਗਰੋਂ ਹੁਣ ਸਿੱਧੂ ਅਤੇ ਪਾਰਟੀ ’ਤੇ ਵਿਸ਼ਵਾਸ ਕਰਨ ਵਾਲੇ ਸਮਰਥਕਾਂ ਦਾ ਮਨੋਬਲ ਡਿੱਗੇਗਾ। ਇਸ ਦੌਰਾਨ ਨਵਜੋਤ ਸਿੱਧੂ ਦਾ ਇਕ ਵੀਡੀਓ ਸੁਨੇਹਾ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਸਿੱਧੂ ਨੇ ਆਪਣੇ ਫੈ਼ਸਲੇ ਨੂੰ ਸਹੀ ਦਸਦਿਆਂ ਕੁਝ ਵਿਅਕਤੀਆਂ ਦੀ ਮੰਤਰੀ ਮੰਡਲ ਵਿੱਚ ਸ਼ਮੂਲੀਅਤ ’ਤੇ ਇਤਰਾਜ਼ ਜਤਾਇਆ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਿ ਵਿਚਾਰਾਂ ਦੇ ਵਖਰੇਵੇਂ ਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਸੀ। ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ ਨੇ ਕਿਹਾ ਕਿ ਸ੍ਰੀ ਸਿੱਧੂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪਾਰਟੀ ਪ੍ਰਧਾਨ ਦਾ ਕੰਮ ਸੰਗਠਨ ਦੇ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਜਦਕਿ ਮੁੱਖ ਮੰਤਰੀ ਦਾ ਕੰਮ ਸਰਕਾਰ ਦਾ ਕੰਮਕਾਜ ਚਲਾਉਣਾ।