ਜੋਗਿੰਦਰ ਸਿੰਘ ਮਾਨ
ਮਾਨਸਾ, 10 ਫਰਵਰੀ
ਡੇਰਾ ਮੁਖੀ ਨੂੰ ਪੈਰੋਲ ਮਿਲਣ ਤੋਂ ਬਾਅਦ ਮਾਲਵਾ ਖੇਤਰ ਵਿੱਚ ਵਿਧਾਨ ਸਭਾ ਚੋਣਾਂ ਲੜਨ ਵਾਲੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਡੇਰਾ ਪੈਰੋਕਾਰਾਂ ਨਾਲ ਸੰਪਰਕ ਵਧਾਉਣਾ ਆਰੰਭ ਕਰ ਦਿੱਤਾ ਹੈ। ਮਾਲਵਾ ਖੇਤਰ ਦੀਆਂ 69 ਸੀਟਾਂ ’ਤੇ ਇਸ ਡੇਰੇ ਦਾ ਰਾਜਨੀਤਕ ਤੌਰ ’ਤੇ ਸਿੱਧਾ ਪ੍ਰਭਾਵ ਦੱਸਿਆ ਜਾਂਦਾ ਹੈ। ਸਾਲ 2007, 2012, 2017 ਵਿੱਚ ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਦੀ ਦਖ਼ਲ-ਅੰਦਾਜ਼ੀ ਨੇ ਪੰਜਾਬ ਦੇ ਸਾਰੇ ਸਿਆਸੀ ਅਨੁਮਾਨ ਬਦਲ ਦਿੱਤੇ ਸਨ। ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਰਾਜਨੀਤਕ ਵਿੰਗ ਅਤੇ ਮੋਹਰੀ ਅਹੁਦੇਦਾਰਾਂ ਨਾਲ ਸੰਪਰਕ ਰੱਖੇ ਹੋਏ ਹਨ ਪਰ ਹਾਲੇ ਤੱਕ ਡੇਰਾ ਪ੍ਰੇਮੀ ਖੁੱਲ੍ਹ ਕੇ ਕੁੱਝ ਵੀ ਕਹਿਣ ਤੋਂ ਪਾਸਾ ਵੱਟ ਰਹੇ ਸਨ। ਡੇਰਾ ਮੁਖੀ ਨੂੰ ਪੈਰੋਲ ਮਿਲਣ ਮਗਰੋਂ ਡੇਰਾ ਪ੍ਰੇਮੀਆਂ ਦੇ ਹੌਸਲੇ ਪਹਿਲਾਂ ਨਾਲੋਂ ਬੁਲੰਦ ਵਿਖਾਈ ਦੇ ਰਹੇ ਹਨ। ਲੰਬੇ ਸਮੇਂ ਤੋਂ ਚੁੱਪ ਧਾਰੀ ਬੈਠੇ ਡੇਰਾ ਪ੍ਰੇਮੀ ਇਨ੍ਹਾਂ ਚੋਣਾਂ ਵਿਚ ਖੁੱਲ੍ਹ ਕੇ ਸਾਹਮਣੇ ਆ ਸਕਦੇ ਹਨ।
ਡੇਰਾ ਸੱਚਾ ਸੌਦਾ ਦੇ ਇੱਕ ਸ਼ਰਧਾਲੂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਡੇਰਾ ਪ੍ਰਬੰਧਕਾਂ ਨੇ ਫਿਲਹਾਲ ਸੰਗਤ ਨੂੰ ਆਪੋ-ਆਪਣੇ ਘਰਾਂ ਵਿੱਚ ਹੀ ਰਹਿਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਸੋਸ਼ਲ ਮੀਡੀਆ ਰਾਹੀਂ ਡੇਰੇ ਦੇ ਅਗਲੇ ਫ਼ੈਸਲਿਆਂ ਬਾਰੇ ਜਾਣੂੰ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਗਤ ਦੀ ਸਲਾਹ ਲੈ ਕੇ ਹੀ ਵਿਧਾਨ ਸਭਾ ਚੋਣਾਂ ਸਬੰਧੀ ਕੋਈ ਫ਼ੈਸਲਾ ਲਿਆ ਜਾਵੇਗਾ।