ਸ਼ਗਨ ਕਟਾਰੀਆ
ਬਠਿੰਡਾ, 16 ਜਨਵਰੀ
ਬਠਿੰਡਾ (ਸ਼ਹਿਰੀ) ਹਲਕੇ ਦੇ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਦੋਵਾਂ ਦੀ ਗਰਮਾ-ਗਰਮ ਤਕਰਾਰਬਾਜ਼ੀ ਠੰਢੇ ਯਖ਼ ਮੌਸਮੀ ਮਾਹੌਲ ਨੂੰ ਭਖ਼ਾ ਰਹੀ ਹੈ। ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਲਗਾਤਾਰ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ’ਤੇ ਸੱਤਾ ਦੀ ਦੁਰਵਰਤੋਂ ਦੇ ਦੋਸ਼ ਲਾ ਰਹੇ ਹਨ। 14 ਜਨਵਰੀ ਨੂੰ ਸਿੰਗਲਾ ਨੇ ਦੋਸ਼ ਲਾਇਆ ਸੀ ਕਿ ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਕਥਿਤ ਲੋਕਾਂ ਦਾ ਇਕੱਠ ਕਰਕੇ 12-12 ਹਜ਼ਾਰ ਦੇ ਚੈੱਕ ਦੇਣ ਲਈ ਫਾਰਮ ਭਰਵਾਏ। ਇਨ੍ਹਾਂ ਦੋਸ਼ਾਂ ਦਾ ਜੌਹਲ ਨੇ ਹਸਪਤਾਲ ’ਚ ਮੈਡੀਕਲ ਕੈਂਪ ’ਚ ਸ਼ਮੂਲੀਅਤ ਕਰਨ ਦੀ ਗੱਲ ਕਹਿ ਕੇ ਖੰਡਨ ਕੀਤਾ। ਬੀਤੇ ਦਿਨ ਸਿੰਗਲਾ ਨੇ ਵਿੱਤ ਮੰਤਰੀ ’ਤੇ ਪੁੱਡਾ ਦੀ ਕਥਿਤ ਕਮਰਸ਼ੀਅਲ ਜਗ੍ਹਾ ਨੂੰ ਰਿਹਾਇਸ਼ੀ ਦਿਖਾ ਕੇ ਕੌਡੀਆਂ ਦੇ ਭਾਅ ਖ਼ਰੀਦਣ ਦੇ ਇਲਜ਼ਾਮ ਲਾਏ। ਸਰੂਪ ਸਿੰਗਲਾ ਨੇ ਅੱਜ ਦੋਸ਼ ਲਾਇਆ ਕਿ ਵਿੱਤ ਮੰਤਰੀ ਦੀ ਟੀਮ ਵੱਲੋਂ ਜੈਜੀਤ ਜੌਹਲ ਦੀ ਅਗਵਾਈ ਹੇਠ ਆਲਮ ਬਸਤੀ ਦੀ ਗਲੀ ਨੰਬਰ 21/1 ਵਿੱਚ ਕਥਿਤ ਆਪਣੇ ਚਹੇਤਿਆਂ ਨੂੰ ਸੋਲਰ ਪ੍ਰਾਜੈਕਟ ਵੰਡੇ ਜਾ ਰਹੇ ਸਨ ਤਾਂ ਉਨ੍ਹਾਂ ਉਥੇ ਪਹੁੰਚ ਕੇ ਕਵਾਇਦ ਰੋਕਣ ਲਈ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਜੈਜੀਤ ਜੌਹਲ ਨੇ ਆਪਣੇ ਹਮਾਇਤੀਆਂ ਨੂੰ ਮੌਕੇ ’ਤੇ ਬੁਲਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਸਿੰਗਲਾ ਨੇ ਲੋੜਵੰਦ ਲੋਕਾਂ ਨੂੰ ਸੋਲਰ ਪ੍ਰਾਜੈਕਟ ਦੇਣ ਦੀ ਹਮਾਇਤ ਤਾਂ ਕੀਤੀ ਪਰ ਕਿਹਾ ਕਿ ‘ਡਰਾਮੇਬਾਜ਼ੀ’ ਕਰਨ ਵਾਲਿਆਂ ਨੇ ਪੰਜ ਸਾਲ ਇਹ ਕੰਮ ਕਿਉਂ ਨਹੀਂ ਕੀਤਾ। ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਵੀ ਅਜਿਹੀਆਂ ਕਾਰਵਾਈਆਂ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕੀਤੀ। ਇੱਥੇ ਅਕਾਲੀ ਵਰਕਰਾਂ ਨੇ ਧਰਨਾ ਲਾਇਆ ਅਤੇ ਦੋਵਾਂ ਧਿਰਾਂ ਵਿਚਕਾਰ ਜੰਮ ਕੇ ਨਾਅਰੇਬਾਜ਼ੀ ਵੀ ਹੋਈ।
ਉਧਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰੂਪ ਚੰਦ ਸਿੰਗਲਾ ’ਤੇ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਮਿਲ ਰਹੀਆਂ ਸਕੀਮਾਂ ਵਿੱਚ ਰੁਕਾਵਟਾਂ ਪਾਉਣ ਦਾ ਦੋਸ਼ ਲਾਉਂਦਿਆ ਕਿਹਾ ਕਿ ਸ਼ਹਿਰ ਵਿੱਚ 12934 ਸੋਲਰ ਪੁਆਇੰਟ ਗਰੀਬ ਤੇ ਲੋੜਵੰਦਾਂ ਦੇ ਘਰਾਂ ’ਤੇ ਲਾਏ ਜਾਣੇ ਹਨ। ਇਸ ਸਕੀਮ ਨੂੰ ਪੰਜਾਬ ਸਰਕਾਰ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਬਹੁਤ ਸਮਾਂ ਪਹਿਲਾਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਨਿੱਜੀ ਕੰਪਨੀ ਨੂੰ ਇਸ ਟੈਂਡਰ ਨੂੰ ਪੂਰਾ ਕਰਨ ਲਈ ਬਜਟ ਵੀ ਅਲਾਟ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਪਹਿਲੇ ਫੇਜ਼ ਰਾਹੀਂ ਕੰਮ ਪੂਰਾ ਹੋਣ ਕਿਨਾਰੇ ਹੈ। ਉਨ੍ਹਾਂ ਦੱਸਿਆ ਕਿ ਅੱਜ ਵਾਰਡ ਨੰਬਰ 46 ਦੀ ਇੱਕ ਧਰਮਸ਼ਾਲਾ ਵਿੱਚ ਕੰਪਨੀ ਵੱਲੋਂ ਸੋਲਰ ਪੈਨਲ ਰੱਖੇ ਹੋਏ ਸਨ, ਜੋ ਡਕੌਂਦਾ ਬਸਤੀ ਵਿੱਚ ਲੱਗਣੇ ਸਨ ਪਰ ਮੌਕੇ ’ਤੇ ਪਹੁੰਚੇ ਸ੍ਰੀ ਸਿੰਗਲਾ ਨੇ ਬੇਵਜ੍ਹਾ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਸ੍ਰੀ ਸਿੰਗਲਾ ’ਤੇ ‘ਬੁਖਲਾਹਟ’ ਵਿੱਚ ਆਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੋਕਾਂ ਦੇ ਦਿਲ ਜਿੱਤਣ ਨਾਲ, ਜਿੱਤ ਮਿਲਦੀ ਹੈ, ਨਾ ਕਿ ਗ਼ਰੀਬ ਲੋਕਾਂ ਨੂੰ ਮਿਲ ਰਹੀਆਂ ਸਕੀਮਾਂ ਵਿੱਚ ਅੜਿੱਕਾ ਪਾ ਕੇ। ਉਨ੍ਹਾਂ ਸ੍ਰੀ ਸਿੰਗਲਾ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਸਲਾਹ ਵੀ ਦਿੱਤੀ। ਜ਼ਿਕਰਯੋਗ ਹੈ ਕਿ ਇੱਥੇ ਹੋਈ ਕਸ਼ਮਕਸ਼ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉੱਧਰ ਐੱਸਡੀਐੱਮ ਕੰਵਰਜੀਤ ਸਿੰਘ ਨੇ ਦੱਸਿਆ ਕਿ ਵਿਜਲ ਐਪ ਰਾਹੀਂ ਉਨ੍ਹਾਂ ਨੂੰ ਮਾਮਲੇ ਦੀ ਸ਼ਿਕਾਇਤ ਮਿਲੀ ਹੈ, ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।