ਪੱਤਰ ਪ੍ਰੇਰਕ
ਪਟਿਆਲਾ, 5 ਨਵੰਬਰ
ਇੱਥੇ ਅੱਜ ਆਏ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ ਪ੍ਰਦੂਸ਼ਣ ਕਾਫ਼ੀ ਘਟ ਗਿਆ ਹੈ। ਸੂਬੇ ਵਿੱਚ ਹਵਾ ਦੇ ਸੂਚਕ ਅੰਕ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚੋਂ ਪਟਿਆਲਾ ਦਾ 189, ਲੁਧਿਆਣਾ ਦਾ 143, ਜਲੰਧਰ ਦਾ 167, ਅੰਮ੍ਰਿਤਸਰ ਦਾ 262 ਏਕਿਊਆਈ ਰਿਹਾ। ਪੰਜਾਬ ਨੂੰ ਐਤਵਾਰ ਤੋਂ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਹੈ। ਪੰਜਾਬ ਦੇ ਅੰਮ੍ਰਿਤਸਰ ਨੂੰ ਛੱਡ ਕੇ ਸਾਰੇ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 200 ਤੋਂ ਹੇਠਾਂ ਡਿੱਗ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ਪਾਲ ਵਿੱਗ ਨੇ ਕਿਹਾ ਕਿ ਪੰਜਾਬ ਵਿਚ ਕੀਤੀ ਸਖ਼ਤੀ ਅਤੇ ਕਿਸਾਨਾਂ ਵੱਲੋਂ ਮਿਲ ਰਹੇ ਸਹਿਯੋਗ ਕਾਰਨ ਇੱਥੇ ਹਵਾ ਦਾ ਗੁਣਵੱਤਾ ਸੂਚਕਅੰਕ ਦਾ ਪੱਧਰ ਕਾਫ਼ੀ ਘਟਿਆ ਹੈ।