ਪੱਤਰ ਪ੍ਰੇਰਕ
ਤਲਵਾੜਾ, 5 ਜਨਵਰੀ
ਪੌਂਗ ਡੈਮ ਜਲਗਾਹ ਵਿੱਚ ਪੁੱਜੇ ਪਰਵਾਸੀ ਪੰਛੀਆਂ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੁਰੱਖਿਆ ਪੱਖੋਂ ਜ਼ਿਲ੍ਹਾ ਕਾਂਗੜਾ ਅਧੀਨ ਪੈਂਦੀ ਪੌਂਗ ਡੈਮ ਜਲਗਾਹ ਦੇ 10 ਕਿਲੋਮੀਟਰ ਘੇਰੇ ’ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।
ਇਸ ਸਬੰਧੀ ਜੰਗਲੀ ਜੀਵ ਵਿਭਾਗ ਦੇ ਡੀਐੱਫਓ ਰਾਹੁਲ ਐੱਮ ਰਹਾਣੇ ਨੇ ਦੱਸਿਆ ਕਿ ਭੋਪਾਲ ਲੈਬਾਰਟਰੀ ਨੂੰ ਮ੍ਰਿਤਕ ਪੰਛੀਆਂ ਦੇ ਭੇਜੇ ਸੈਂਪਲਾਂ ’ਚ ਐੱਚ-5 ਐੱਨ-1 ਪਾਜ਼ੇਟਿਵ ਏਵਿਅਨ ਇਨਫਲੂਐਂਜਾ ਨਾਮਕ ਵਾਇਰਸ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਦੇ ਨੇੜਲੇ ਇਲਾਕਿਆਂ ’ਚ 29 ਦਸੰਬਰ ਤੋਂ 4 ਤਰੀਕ ਤਕ ਦੋ ਹਜ਼ਾਰ ਦੇ ਕਰੀਬ ਪਰਵਾਸੀ ਪੰਛੀ ਮਰੇ ਹੋਏ ਮਿਲੇ ਹਨ। ਰੋਜ਼ਾਨਾ 250 ਤੋਂ 500 ਨਵੇਂ ਪਰਵਾਸੀ ਪੰਛੀ ਮ੍ਰਿਤਕ ਮਿਲ ਰਹੇ ਹਨ। ਅੱਜ ਵਣ ਰੇਂਜ ਬੀਟ ਧਮੇਟਾ ਤੋਂ 44 ਅਤੇ ਨਗਰੋਟਾ ਸੂਰੀਆਂ ਤੋਂ 292 ਮਰੇ ਹੋਏ ਪਰਵਾਸੀ ਪੰਛੀ ਮਿਲੇ ਹਨ। ਹਿਮਾਚਲ ਪ੍ਰਦੇਸ਼ ਦੇ ਜੰਗਲੀ ਜੀਵ ਵਿਭਾਗ ਨੇ ਪੌਂਗ ਡੈਮ ਜਲਗਾਹ ’ਤੇ ਪੁੱਜੇ ਪਰਵਾਸੀ ਪੰਛੀਆਂ ਦੀ ਮੌਤ ਦਾ ਹਵਾਲਾ ਦੇ ਕੇ ਪੰਜਾਬ ਨੂੰ ਵੀ ਆਪਣੀਆਂ ਜਲਗਾਹਾਂ ’ਚ ਚੌਕਸੀ ਰੱਖਣ ਲਈ ਪੱਤਰ ਜਾਰੀ ਕੀਤਾ ਹੈ। ਜੰਗਲੀ ਜੀਵ ਵਿਭਾਗ, ਜ਼ਿਲ੍ਹਾ ਹੁਸ਼ਿਆਰਪੁਰ ਦੇ ਡੀਐੱਫਓ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਪੈਟਰੋਲਿੰਗ ਕੀਤੀ ਜਾ ਰਹੀ ਹੈ। ਰਾਜ ਅਧੀਨ ਆਉਂਦੀਆਂ ਕੇਸ਼ੂਪੁਰ ਛੰਭ ਗੁਰਦਾਸਪੁਰ, ਰਣਜੀਤ ਸਾਗਰ ਡੈਮ, ਹਰੀਕੇ ਪੱਤਣ, ਨੰਗਲ ਡੈਮ ਆਦਿ ਜਲਗਾਹਾਂ ਵੀ ਨਿਗਰਾਨੀ ਹੇਠ ਹਨ।
ਪਸ਼ੂਆਂ ਤੇ ਮਨੁੱਖਾਂ ਲਈ ਘਾਤਕ ਹੈ ਵਾਇਰਸ
ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਰਾਜੀਵ ਬਾਲੀ ਨੇ ਕਿਹਾ ਕਿ ਇਹ ਵਾਇਰਸ ਪਸ਼ੂਆਂ ਤੇ ਮਨੁੱਖਾਂ ਦੋਵਾਂ ਲਈ ਘਾਤਕ ਹੈ। ਇਸ ਤੋਂ ਬਚਾਅ ਲਈ ਸੁਚੇਤ ਰਹਿਣ ਦੀ ਲੋੜ ਹੈ।