ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਜੂਨ
ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਨੂੰ ਕਮਿਸ਼ਨ ਦੀ ਮੈਂਬਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪੂਨਮ ਕਾਂਗੜਾ ਤੇ ਉਸ ਦੇ ਪਰਿਵਾਰ ਖ਼ਿਲਾਫ਼ ਇਕ ਵਿਅਕਤੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਹੈ, ਜੋ ਥਾਣਾ ਸਿਟੀ-1 ਸੰਗਰੂਰ ’ਚ ਦਰਜ ਕੇਸ ਅਧੀਨ ਜੁਡੀਸ਼ਲ ਰਿਮਾਂਡ ’ਤੇ ਜੇਲ੍ਹ ਵਿਚ ਬੰਦ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੀ ਮਹਿਲਾ ਆਗੂ ਤੇ ਪੰਜਾਬ ਐੱਸ.ਸੀ. ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਤੇ ਉਸ ਦੇ ਪਰਿਵਾਰ ਤੋਂ ਕਥਿਤ ਤੌਰ ’ਤੇ ਤੰਗ ਹੋ ਕੇ ਸੰਜੀਵ ਕੁਮਾਰ ਉਰਫ਼ ਟੋਨੀ (ਜੋ ਕਿ ਸਿਵਲ ਹਸਪਤਾਲ ’ਚ ਵਾਰਡ ਅਟੈਂਡੈਂਟ ਸੀ) ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਬੀਤੀ 5 ਜੂਨ ਨੂੰ ਪੀੜਤ ਪਰਿਵਾਰ ਅਤੇ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਮ੍ਰਿਤਕ ਦੀ ਲਾਸ਼ ਮੁੱਖ ਸੜਕ ’ਤੇ ਰੱਖ ਕੇ ਕਾਂਗੜਾ ਪਰਿਵਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਪੂਨਮ ਕਾਂਗੜਾ ਨੂੰ ਐੱਸ.ਸੀ. ਕਮਿਸ਼ਨ ਦੀ ਮੈਂਬਰੀ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਸੀ। ਮ੍ਰਿਤਕ ਦੀ ਪਤਨੀ ਚੰਦਾ ਰਾਣੀ ਨੇ ਪੂਨਮ ਕਾਂਗੜਾ ਤੇ ਉਸ ਦੇ ਪਰਿਵਾਰ ਖ਼ਿਲਾਫ਼ ਉਨ੍ਹਾਂ ਦੀ ਲੜਕੀ ਨੂੰ ਵਰਗਲਾ ਕੇ ਆਪਣੇ ਲੜਕੇ ਨਾਲ ਕਥਿਤ ਤੌਰ ’ਤੇ ਘਰੋਂ ਭਜਾਉਣ ਅਤੇ ਸੱਤਾ ਦੀ ਤਾਕਤ ਨਾਲ ਉਸ ਦੇ ਪਤੀ ਨੂੰ ਧਮਕਾਉਣ ਦਾ ਦੋਸ਼ ਲਾਇਆ ਸੀ। ਪੁਲੀਸ ਨੇ ਪੂਨਮ ਕਾਂਗੜਾ ਸਮੇਤ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਬੀਤੀ 15 ਜੂਨ ਨੂੰ ਪੂਨਮ ਕਾਂਗੜਾ, ਉਸ ਦੇ ਪਤੀ ਦਰਸ਼ਨ ਕਾਂਗੜਾ ਤੇ ਪੁੱਤਰ ਵਿਕਾਸਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲੀਸ ਰਿਮਾਂਡ ਮਗਰੋਂ ਤਿੰਨਾਂ ਨੂੰ 14 ਦਿਨਾਂ ਲਈ ਅਦਾਲਤੀ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਵੱਲੋਂ ਜਾਰੀ ਪੱਤਰ ਰਾਹੀਂ ਪੰਜਾਬ ਐੱਸ.ਸੀ. ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।