ਹਰਜੀਤ ਸਿੰਘ
ਡੇਰਾਬੱਸੀ, 23 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਇਥੋਂ ਦੇ ਨੇੜਲੇ ਪਿੰਡ ਰਾਮਪੁਰ ਸੈਣੀਆਂ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਮੁਹਾਲੀ ਵਿੱਚ ਬਾਜ਼ੀ ਮਾਰੀ ਹੈ। ਪੂਨਮ ਦੇਵੀ ਨੇ ਆਰਟਸ ਗਰੁੱਪ ਵਿੱਚ 99.77 ਫ਼ੀਸਦ ਅੰਕ ਲੈ ਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨਕ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਨਿਸ਼ਾ ਤੇ ਪੂਨਮ ਰਾਣੀ ਨੇ 98.44 ਫ਼ੀਸਦ ਅੰਕਾਂ ਨਾਲ ਸਕੂਲ ਵਿੱਚੋਂ ਦੂਜਾ ਤੇ ਅਮਨਪ੍ਰੀਤ ਕੌਰ ਨੇ 97.77 ਫ਼ੀਸਦ ਅੰਕਾਂ ਨਾਲ ਤੀਜਾ ਸਥਾਨ। ਪ੍ਰਿੰਸੀਪਲ ਸ੍ਰੀਮਤੀ ਬਰਾੜ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਵੀ ਪੂਨਮ ਦੇਵੀ ਨੂੰ ਫੋਨ ’ਤੇ ਵਧਾਈ ਦਿੱਤੀ ਹੈ।
ਖਮਾਣੋਂ (ਜਗਜੀਤ ਸਿੰਘ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਸਿੱਧੂਪੁਰ ਕਲਾਂ ਦੇ ਪ੍ਰਿੰਸੀਪਲ ਪਵਨ ਕੁਮਾਰ ਨੇ ਦੱਸਿਆ ਕਿ ਸਕੂਲ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਆਰਟਸ ਗਰੁੱਪ ’ਚ ਪ੍ਰਭਜੋਤ ਕੌਰ ਨੇ 99.77 ਫ਼ੀਸਦ ਪ੍ਰਾਪਤ ਕੀਤੇ ਹਨ। ਪ੍ਰਭਜੋਤ ਕੌਰ ਸਪੋਰਟਸ ਕੋਟੇ ਰਾਹੀਂ ਇਹ ਵਿੱਦਿਆ ਹਾਸਲ ਕਰ ਰਹੀ ਸੀ। ਸਕੂਲ ਪੱਧਰ ’ਤੇ ਕੋਮਲਪ੍ਰੀਤ ਕੌਰ ਨੇ ਦੂਜਾ ਤੇ ਅੰਮ੍ਰਿਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਚਮਕੌਰ ਸਾਹਿਬ (ਸੰਜੀਵ ਬੱਬੀ): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸੌ ਫ਼ੀਸਦ ਰਿਹਾ। ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੇ ਦੱਸਿਆ ਕਿ ਰਮਨਦੀਪ ਕੌਰ ਨੇ 95 ਫ਼ੀਸਦ ਨਾਲ ਪਹਿਲਾ, ਗੁਰਸਿਮਰਨਜੋਤ ਕੌਰ ਤੇ ਸਤਵਿੰਦਰ ਕੌਰ ਨੇ 94 ਫ਼ੀਸਦ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ।
ਲਾਲੜੂ (ਸਰਬਜੀਤ ਭੱਟੀ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡੇਸਰਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਕੰਚਨ ਸ਼ਰਮਾ ਨੇ ਦੱਸਿਆ ਕਿ ਆਰਟਸ ਗਰੁੱਪ ਵਿੱਚ ਆਂਚਲ ਦੇਵੀ ਨੇ 94 ਫ਼ੀਸਦ, ਨੀਕਿਤਾ ਦੇਵੀ ਨੇ 93.7 ਫ਼ੀਸਦ ਤੇ ਮਨੀਸ਼ਾ ਰਾਣੀ ਨੇ 89.3 ਫ਼ੀਸਦ ਅੰਕਾਂ ਨਾਲ ਪੁਜ਼ੀਸ਼ਨਾਂ ਹਾਸਲ ਕੀਤੀਆਂ।
ਘਨੌਲੀ (ਜਗਮੋਹਨ ਸਿੰਘ): ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਦੀਆਂ ਬਾਰ੍ਹਵੀਂ ਜਮਾਤ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕਰਨ ਲਈ ਪੰਚਾਇਤ ਘਰ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪਿੰਡ ਦੀ ਸਰਪੰਚ ਕਮਲਜੀਤ ਕੌਰ ਅਤੇ ਸਕੂਲ ਪ੍ਰਿੰਸੀਪਲ ਪ੍ਰਮੋਦ ਗੁਪਤਾ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਮਨਪ੍ਰੀਤ ਕੌਰ, ਮਨੀਸ਼ਾ ਦੇਵੀ, ਮਨਜੋਤ ਕੌਰ, ਨਵਜੋਤ ਰਾਣੀ, ਸਿਮਰਨਜੀਤ ਕੌਰ ਅਤੇ ਦੀਪ ਕੁਮਾਰੀ ਨੂੰ ਗਰਾਮ ਪੰਚਾਇਤ, ਸਕੂਲ ਪ੍ਰਬੰਧਕਾਂ, ਵਾਤਾਵਰਨ ਸੰਭਾਲ ਕਮੇਟੀ, ਪਹਿਲਵਾਨ ਦੰਗਲ ਕਮੇਟੀ, ਸਿ਼ਵ ਮੰਦਰ ਕਮੇਟੀ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਘਨੌਲੀ ਵੱਲੋਂ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ਸਕੂਲ ਦੀ ਸਾਬਕਾ ਪ੍ਰਿੰਸੀਪਲ ਬੰਦਨਾ ਪੁਰੀ ਵੱਲੋਂ ਨਿੱਜੀ ਤੌਰ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ): ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ’ਚ ਐੱਸਐੱਨਏਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦ ਰਿਹਾ। ਪ੍ਰਿੰਸੀਪਲ ਡਾ. ਪੂਨਮ ਅਰੋੜਾ ਨੇ ਦੱਸਿਆ ਕਿ 71 ਵਿਦਿਆਰਥੀਆਂ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰ ਕੇ ਸਕੂਲ ਤੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ। ਸਕੂਲ ਮੈਨੇਜਮੈਂਟ ਨੇ ਖੁਸ਼ੀ ਜ਼ਾਹਿਰ ਕਰਦਿਆਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੁਲਾ ਕੇ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਪੂਜਾ ਵਰਮਾ ਨੇ 98.8, ਬੇਬੀ ਗੂੰਜਣ 93.3 ਤੇ ਬੇਬੀ ਭਾਰਤੀ ਨੇ 93.1 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਸਾਇੰਸ ਗਰੁੱਪ ’ਚ ਸ਼ਿਵਾਨੀ ਸ਼ਰਮਾ ਨੇ 95.5, ਪਰਮਿੰਦਰ ਸਿੰਘ ਨੇ 94.6 ਤੇ ਅਮਨਦੀਪ ਕੌਰ ਨੇ 93.1 ਫ਼ੀਸਦ, ਕਾਮਰਸ ਗਰੁੱਪ ਵਿਚ ਆਫਸ਼ਾ ਸਾਹੀ ਨੇ 86.4, ਵਿਸ਼ਾਲ ਭਾਰਤੀ ਨੇ 85.7 ਤੇ ਮਨਸ਼ਾ ਖੰਨਾਂ ਨੇ 83.3 ਫ਼ੀਸਦ ਅੰਕ ਪ੍ਰਾਪਤ ਕਰ ਕੇ ਪੁਜ਼ੀਸ਼ਨਾਂ ਹਾਸਲ ਕੀਤੀਆਂ।
ਬਨੂੜ (ਕਰਮਜੀਤ ਸਿੰਘ ਚਿੱਲਾ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇਮਾਜਰਾ ਦੇ ਬਾਰਵੀਂ ਦੇ ਨਤੀਜਿਆਂ ਵਿੱਚ ਮਜ਼ਦੂਰ ਪਰਿਵਾਰਾਂ ਨਾਲ ਸਬੰਧਿਤ ਵਿਦਿਆਰਥਣਾਂ ਨੇ ਪਹਿਲੇ ਤਿੰਨ ਸਥਾਨਾਂ ਉੱਤੇ ਕਬਜ਼ਾ ਕੀਤਾ ਹੈ। ਸਕੂਲ ਪ੍ਰਿੰਸੀਪਲ ਹਰਿੰਦਰ ਕੌਰ ਤੇ ਸਟਾਫ਼ ਮੈਂਬਰ ਵਰਿੰਦਰਪਾਲ ਤੇ ਪੂਰਨਿਮਾ ਸ਼ਰਮਾ ਨੇ ਵਿਦਿਆਰਥਣਾਂ ਨੂੰ ਅੱਜ ਪ੍ਰਸ਼ੰਸਾ ਪੱਤਰ ਤੇ ਮੈਡਲ ਭੇਟ ਕੀਤੇ। ਪ੍ਰਿੰਸੀਪਲ ਨੇ ਦੱਸਿਆ ਕਿ ਮਜ਼ਦੂਰ ਪਰਿਵਾਰ ਦੀ ਧੀ ਮੰਜੂ ਰਾਣੀ ਨੇ 87.5 ਫ਼ੀਸਦ ਅੰਕ ਹਾਸਲ ਕਰਕੇ ਸਕੂਲ ਵਿੱਚੋਂ ਪਹਿਲਾ, ਲਵਪ੍ਰੀਤ ਰਾਣੀ ਨੇ 87.3 ਫ਼ੀਸਦੀ ਨੰਬਰ ਲੈਕੇ ਦੂਜਾ ਅਤੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਮਜ਼ਦੂਰ ਦੀ ਧੀ ਰਜੀਆ ਨੇ 81 ਫ਼ੀਸਦੀ ਅੰਕ ਹਾਸਲ ਕੀਤੇ।
ਰੂਪਨਗਰ (ਪੱਤਰ ਪ੍ਰੇਰਕ): ਰਿਆਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੈਲਮਾਜਰਾ ਦਾ ਨਤੀਜਾ ਸ਼ਾਨਦਾਰ ਰਿਹਾ। ਡਾ. ਪੱਲਵੀ ਪੰਡਤ ਨੇ ਦੱਸਿਆ ਕਿ ਨਾਨ ਮੈਡੀਕਲ ਗਰੁੱਪ ਵਿੱਚ ਜਸਪ੍ਰੀਤ ਕੌਰ 95.11 ਫ਼ੀਸਦ, ਨਰਿੰਦਰ ਸਿੰਘ ਨੇ 94 ਫ਼ੀਸਦ ਤੇ ਨਵਦੀਪ ਸਿੰਘ ਨੇ 90 ਫੀਸਦ ਅੰਕ ਪ੍ਰਾਪਤ ਕੀਤੇ। ਮੈਡੀਕਲ ਗਰੁੱਪ ਵਿੱਚ ਨੇਹਾ ਨੇ 95 ਫ਼ੀਸਦ, ਸਿਮਰਨਜੀਤ ਕੌਰ ਨੇ 88 ਫੀਸਦ, ਸੁਖਦੀਪ ਕੌਰ ਨੇ 86 ਫ਼ੀਸਦ ਅੰਕਾਂ ਨਾਲ ਪੁਜ਼ੀਸ਼ਨਾਂ ਹਾਸਲ ਕੀਤੀਆਂ।
ਫਤਹਿਗੜ੍ਹ ਸਾਹਿਬ (ਦਰਸ਼ਨ ਸਿੰਘ ਮਿੱਠਾ): ਯੂਨੀਵਰਸ ਪ੍ਰੋਫੈਸ਼ਨਲ ਕਾਲਜ ਆਫ ਐਜੂਕੇਸ਼ਨ, ਪਿੰਡ ਆਦਮਪੁਰ ਦੀ ਪ੍ਰਿੰਸੀਪਲ ਮਨਜੀਤ ਸਿੰਘ ਵੜੈਚ ਨੇ ਦੱਸਿਆ ਕਿ ਕਾਮਰਸ ਵਿਭਾਗ ਦੀ ਗਗਨਦੀਪ ਕੌਰ ਨੇ 85.11 ਫ਼ੀਸਦ, ਮਨਪ੍ਰੀਤ ਕੌਰ ਨੇ 78.22 ਫ਼ੀਸਦ ਤੇ ਨਵਜੋਤ ਕੌਰ ਨੇ 77.33 ਫ਼ੀਸਦ, ਹਿਊਮਨਿਟੀਜ਼ ਵਿਭਾਗ ਵਿਚ ਮਨਪ੍ਰੀਤ ਕੌਰ ਨੇ 93 ਫ਼ੀਸਦ , ਜਤਿੰਦਰ ਸਿੰਘ ਨੇ 89.33 ਫ਼ੀਸਦੀ ਤੇ ਜਗਜੀਤ ਸਿੰਘ ਨੇ 88 ਫ਼ੀਸਦ ਅੰਕ ਲਏ।
ਮਨਪ੍ਰੀਤ ਸਮਸ਼ਪੁਰ ਸਕੂਲ ’ਚ ਅੱਵਲ
ਅਮਲੋਹ (ਰਾਮ ਸਰਨ ਸੂਦ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਸ਼ਪੁਰ ਦੀ ਮਨਪ੍ਰੀਤ ਕੌਰ ਪੁੱਤਰੀ ਜਗਰੂਪ ਸਿੰਘ ਨੇ ਬਾਰ੍ਹਵੀ ਕਲਾਸ ਵਿੱਚੋਂ 94.6 ਫ਼ੀਸਦ ਅੰਕਾਂ ਨਾਲ ਸਕੂਲ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਸਟਾਫ਼ ਨੇ ਮਨਪ੍ਰੀਤ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਮਨਪ੍ਰੀਤ ਕੌਰ ਤੇ ਪਿਤਾ ਜਗਰੂਪ ਸਿੰਘ ਨੇ ਕਿਹਾ ਕਿ ਉਸ ਦੀ ਬੇਟੀ ਨੂੰ ਅਧਿਆਪਕਾਂ ਵੱਲੋਂ ਕਰਵਾਈ ਮਿਹਨਤ ਰੰਗ ਲਿਆਈ ਹੈ ਅਤੇ ਪਹਿਲੀ ਪੁਜੀਸ਼ਨ ਹਾਸਲ ਕਰਨ ਨਾਲ ਉਸ ਦਾ ਅਤੇ ਪਰਿਵਾਰ ਦਾ ਮਾਣ ਵਧਿਆ ਹੈ ਅਤੇ ਆਸ ਹੈ ਕਿ ਉਹ ਅੱਗੇ ਜਾ ਕੇ ਵੀ ਚੰਗੀ ਪੜ੍ਹਾਈ ਕਰ ਕੇ ਪਰਿਵਾਰ ਅਤੇ ਪਿੰਡ ਦਾ ਨਾਮ ਹੋਰ ਰੌਸ਼ਨ ਕਰੇਗੀ।
ਮੈਡੀਕਲ ਗਰੁੱਪ ’ਚ ਸੂਬੇ ’ਚੋਂ ਅੱਵਲ ਰਹੀ ਪ੍ਰਭਜੋਤ ਦਾ ਡਾ. ਚੀਮਾ ਵੱਲੋਂ ਸਨਮਾਨ
ਰੂਪਨਗਰ (ਬਹਾਦਰਜੀਤ ਸਿੰਘ): ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਅੱਜ ਰੂਪਨਗਰ ਸ਼ਹਿਰ ਦੇ ਆਪਣੇ ਦੌਰੇ ਦੌਰਾਨ ਸ਼ਹਿਰ ਦੀਆਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਵੱਲੋਂ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਡਾ. ਚੀਮਾ ਨੇ ਮੈਡੀਕਲ ਗਰੁੱਪ ’ਚ ਅੱਵਲ ਰਹੀ ਦਸਮੇਸ਼ ਨਗਰ ਵਿੱਚ ਰਹਿਣ ਵਾਲੀ ਪ੍ਰਭਜੋਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ। ਵਰਨਣਯੋਗ ਹੈ ਕਿ ਪ੍ਰਭਜੋਤ ਕੌਰ ਨੇ ਇਸ ਪ੍ਰੀਖਿਆ ਵਿੱਚ 449/450 ਨੰਬਰ ਲੈ ਕੇ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਦਸਮੇਸ਼ ਕਲੋਨੀ ਦੀ ਰਹਿਣ ਵਾਲੀ ਅਰਸ਼ਦੀਪ ਕੌਰ ਪੁੱਤਰੀ ਤਿਲਕ ਰਾਜ ਨੂੰ ਸਨਮਾਨਿਤ ਕੀਤਾ ਗਿਆ ਜਿਸ ਨੇ ਸੀਬੀਐੱਸਈ ਦੀ ਬਾਰ੍ਹਵੀਂ ਦੇ ਆਰਟਸ ਗਰੁੱਪ ਵਿੱਚ 98.8 ਫ਼ੀਸਦ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਡਾ. ਚੀਮਾ ਵੱਲੋਂ ਦੋਹਾਂ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ, ਗੁਲਦਸਤਾ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਪੰਚਕੂਲਾ ਜ਼ਿਲ੍ਹੇ ’ਚ ਪਿੰਡ ਬਤੌੜ ਦੇ ਵਿਦਿਆਰਥੀ ਛਾਏ
ਪੰਚਕੂਲਾ (ਪੀਪੀ ਵਰਮਾ): 12ਵੀਂ ਦੇ ਐਲਾਨੇ ਗਏ ਪ੍ਰੀਖਿਆ ਨਤੀਜਿਆਂ ਵਿੱਚ ਜ਼ਿਲ੍ਹੇ ਦੇ ਪਿੰਡ ਬਤੌੜ ਦਾ ਨਤੀਜਾ ਸੌ ਫ਼ੀਸਦ ਰਿਹਾ। ਪਿੰਡ ਬਤੌੜ ਦੇ ਬੱਚਿਆਂ ਦੀ ਪ੍ਰਾਪਤੀ ’ਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਸਰਪੰਚ ਲਕਸ਼ਮਨ ਬਤੌੜ ਨੇ ਪਿੰਡ ਵਿੱਚ ਲੱਡੂ ਵੰਡੇ। ਸੋਨੀਆ ਨੇ 85.4, ਸਿਆ ਨੇ 79.8, ਸਵਾਤੀ ਨੇ 79.4, ਦਿਵਿਆ ਰਾਣੀ ਨੇ 88.8, ਸ਼ੀਤਲ ਨੇ 79.8, ਅਨਕਿਤਾ ਨੇ 79.6, ਸਵੇਤਾ ਨੇ 79.2 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ।