ਜਗਮੋਹਨ ਸਿੰਘ
ਘਨੌਲੀ, 28 ਜੁਲਾਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਨੂੰਹੋਂ ਕਲੋਨੀ ਦੇ ਕਈ ਕੁਆਰਟਰ ਮੁਲਾਜ਼ਮਾਂ ਦੀ ਰਿਹਾਇਸ਼ ਨਾ ਹੋਣ ਕਾਰਨ ਖੰਡਰ ਬਣ ਰਹੇ ਹਨ। ਦੂਜੇ ਪਾਸੇ, ਪਲਾਂਟ ਅੰਦਰ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਨ ਵਾਲੇ ਕਾਮਿਆਂ ਨੂੰ ਆਪਣੀ ਰਿਹਾਇਸ਼ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਨੂੰਹੋਂ ਕਲੋਨੀ ਵਿਚ ਲਗਭਗ ਦੋ ਹਜ਼ਾਰ ਦੇ ਕਰੀਬ ਕੁਆਰਟਰ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੁਆਰਟਰ ਖਾਲੀ ਹਨ। ਇਹੋ ਹਾਲ ਅਫ਼ਸਰ ਕਲੋਨੀ ਦਾ ਦੱਸਿਆ ਜਾ ਰਿਹਾ ਹੈ। ਕੁਆਰਟਰਾਂ ਦੇ ਖਾਲੀ ਹੋਣ ਦਾ ਕਾਰਨ ਪਾਵਰਕੌਮ ਵਿੱਚ ਨਵੀਂ ਭਰਤੀ ਨਾ ਹੋਣਾ, ਥਰਮਲ ਪਲਾਂਟ ਦੇ ਵੱਡੀ ਗਿਣਤੀ ਮੁਲਾਜ਼ਮਾਂ ਦਾ ਸੇਵਾਮੁਕਤ ਹੋਣਾ ਅਤੇ ਥਰਮਲ ਪਲਾਂਟ ਦੇ ਦੋ ਯੂਨਿਟਾਂ ਦਾ ਪੱਕੇ ਤੌਰ ’ਤੇ ਬੰਦ ਕਰ ਦਿੱਤੇ ਜਾਣ ਨੂੰ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ, ਥਰਮਲ ਪਲਾਂਟ ਵਿਚ ਵੱਖ-ਵੱਖ ਕੰਪਨੀਆਂ, ਸੁਸਾਇਟੀਆਂ ਤੇ ਠੇਕੇਦਾਰਾਂ ਅਧੀਨ ਠੇਕੇਦਾਰੀ ਪ੍ਰਥਾ ਤਹਿਤ ਲਗਭਗ 1200 ਦੇ ਕਰੀਬ ਕੰਟਰੈਕਟਰ ਵਰਕਰ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਬਹੁਤਿਆਂ ਕੋਲ ਨਾ ਤਾਂ ਰਿਹਾਇਸ਼ ਲਈ ਆਪਣਾ ਮਕਾਨ ਹੈ ਅਤੇ ਨਾ ਉਹ ਆਪਣੀ ਤਨਖ਼ਾਹ ਦੇ ਲਿਹਾਜ਼ ਨਾਲ ਆਪਣਾ ਮਕਾਨ ਬਣਾਉਣ ਦੇ ਸਮਰੱਥ ਹਨ। ਇਨ੍ਹਾਂ ਵਿੱਚੋਂ ਕੁੱਝ ਨੇੜਲੇ ਪਿੰਡਾਂ ਵਿੱਚ ਕਿਰਾਏ ’ਤੇ ਰਹਿ ਰਹੇ ਹਨ ਤੇ ਕੁਝ ਥਰਮਲ ਦੀ ਚਾਰਦੀਵਾਰੀ ਕੋਲ ਝੁੱਗੀਆਂ ਬਣਾ ਕੇ ਦਿਨ ਕੱਟ ਕਰ ਰਹੇ ਹਨ।
ਕੁਆਰਟਰ ਠੇਕਾ ਕਾਮਿਆਂ ਨੂੰ ਨਹੀਂ ਦਿੱਤੇ ਜਾ ਸਕਦੇ: ਮੁੱਖ ਇੰਜਨੀਅਰ
ਥਰਮਲ ਪਲਾਂਟ ਰੂਪਨਗਰ ਦੇ ਮੁਖ ਇੰਜਨੀਅਰ ਰਣਧੀਰ ਸਿੰਘ ਬੈਂਸ ਨੇ ਕਿਹਾ ਕਿ ਵਿਭਾਗ ਦੇ ਨਿਯਮਾਂ ਅਨੁਸਾਰ ਥਰਮਲ ਪਲਾਂਟ ਦੇ ਰੈਗੂਲਰ ਮੁਲਾਜ਼ਮਾਂ ਨੂੰ ਹੀ ਕੁਆਰਟਰ ਅਲਾਟ ਕੀਤੇ ਜਾ ਸਕਦੇ ਹਨ ਅਤੇ ਕੰਟਰੈਕਟਰ ਵਰਕਰਾਂ ਨੂੰ ਇਹ ਕੁਆਟਰ ਨਹੀਂ ਦਿੱਤੇ ਜਾ ਸਕਦੇ।
ਕੰਟਰੈਕਟਰ ਵਰਕਰਾਂ ਨੂੰ ਕੁਆਰਟਰ ਦੇਣ ’ਤੇ ਜ਼ੋਰ
ਆਰਟੀਪੀ ਐਂਪਲਾਈਜ਼ ਯੂਨੀਅਨ ਥਰਮਲ ਪਲਾਂਟ ਰੂਪਨਗਰ ਦੇ ਪ੍ਰਧਾਨ ਕੰਵਲਜੀਤ ਸਿੰਘ ਨੇ ਕਿਹਾ ਕਿ ਥਰਮਲ ਪਲਾਂਟ ਦੇ ਵੱਡੀ ਗਿਣਤੀ ਰਿਹਾਇਸ਼ੀ ਕੁਆਰਟਰ ਲੰਬੇ ਸਮੇਂ ਤੋਂ ਖਾਲੀ ਹੋਣ ਕਾਰਨ ਖੰਡਰ ਬਣ ਰਹੇ ਹਨ। ਊਨ੍ਹਾਂ ਕਿਹਾ ਕਿ ਜੇ ਇਹ ਕੰਟਰੈਕਟਰ ਵਰਕਰਾਂ ਨੂੰ ਅਲਾਟ ਕਰ ਦਿੱਤੇ ਜਾਣ ਤਾਂ ਜਿੱਥੇ ਕੁਆਰਟਰਾਂ ਦੀ ਸੰਭਾਲ ਹੋਵੇਗੀ, ਉੱਥੇ ਹੀ ਵਰਕਰਾਂ ਨੂੰ ਵੀ ਰਿਹਾਇਸ਼ ਲਈ ਭਟਕਣਾ ਨਹੀਂ ਪਵੇਗਾ।