ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਈ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਬਰ-ਜਨਾਹ ਮਾਮਲੇ ’ਚ ਅਦਾਲਤ ਵੱਲੋਂ ਭਗੌੜੇ ਐਲਾਨੇ ਜਾ ਚੁੱਕੇ ਮੁਲਜ਼ਮ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਣੇ ਹੋਰ ਮੁਲਜ਼ਮਾਂ ਦੇ ਭਗੌੜੇ ਹੋਣ ਦੇ ਪੋਸਟਰ ਪੁਲੀਸ ਨੇ ਥਾਣੇ ਦੇ ਬੋਰਡ ਦੇ ਨਾਲ-ਨਾਲ ਹੋਰ ਜਨਤਕ ਥਾਵਾਂ ’ਤੇ ਵੀ ਲਾ ਦਿੱਤੇ ਹਨ। ਪੀੜਤ ਔਰਤ ਨੇ ਇੱਕ ਪੋਸਟਰ ਸਿਮਰਜੀਤ ਸਿੰਘ ਬੈਂਸ ਦੇ ਘਰ ਅਤੇ ਦਫ਼ਤਰ ਦੇ ਬਾਹਰ ਵੀ ਲਗਾ ਦਿੱਤਾ ਹੈ। ਪੁਲੀਸ ਲਗਾਤਾਰ ਸਿਮਰਜੀਤ ਸਿੰਘ ਬੈਂਸ ’ਤੇ ਸ਼ਿਕੰਜਾ ਕੱਸਦੀ ਹੀ ਜਾ ਰਹੀ ਹੈ। ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਮੁਲਜ਼ਮ ਦੀ ਭਾਲ ਜਾਰੀ ਹੈ। ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ ਉਰਫ਼ ਪੰਮਾ, ਬੈਂਸ ਦੇ ਪੀਏ ਪ੍ਰਦੀਪ ਕੁਮਾਰ ਉਰਫ਼ ਗੋਗੀ ਸਰਮਾ, ਸੁਖਚੈਨ ਸਿੰਘ, ਬਲਜਿੰਦਰ ਕੌਰ ਤੇ ਜਸਬੀਰ ਕੌਰ ਉਰਫ਼ ਭਾਬੀ ਦੀ ਫੋਟੋ ਲੱਗੇ ਪੋਸਟਰ ਪੁਲੀਸ ਦੇ ਵੱਲੋਂ ਥਾਣਾ ਡਿਵੀਜ਼ਨ ਨੰਬਰ-6, ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ’ਤੇ ਲਾ ਦਿੱਤੇ ਗਏ ਹਨ। ਬੈਂਸ ਦੇ ਦਫ਼ਤਰ ਅਤੇ ਘਰ ਦੇ ਬਾਹਰ ਵੀ ਇਹ ਪੋਸਟਰ ਲਾਏ ਗਏ ਹਨ। ਪੀੜਤ ਮਹਿਲਾ ਪਿਛਲੇ ਕਰੀਬ ਇੱਕ ਸਾਲ ਤੋਂ ਮੁਲਜ਼ਮ ਬੈਂਸ ਦੀ ਗ੍ਰਿਫ਼ਤਾਰੀ ਲਈ ਧਰਨਾ ਲਾ ਕੇ ਬੈਠੀ ਹੈ।
ਪੁਲੀਸ ਨੂੰ ਕਈ ਮਾਮਲਿਆਂ ’ਚ ਲੋੜੀਂਦਾ ਹੈ ਬੈਂਸ: ਜੁਆਇੰਟ ਪੁਲੀਸ ਕਮਿਸ਼ਨਰ
ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਕਈ ਕੇਸ ਦਰਜ ਹਨ। ਉਹ ਕਈ ਮਾਮਲਿਆਂ ’ਚ ਪੁਲੀਸ ਨੂੰ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਸਾਰਾ ਕੰਮ ਕੀਤਾ ਜਾ ਰਿਹਾ ਹੈ। ਪੁਲੀਸ ’ਤੇ ਦਬਾਅ ਦੇ ਸਵਾਲ ’ਤੇ ਸ੍ਰੀ ਬਰਾੜ ਨੇ ਕਿਹਾ ਕਿ ਪੁਲੀਸ ’ਤੇ ਕਿਸੇ ਤਰ੍ਹਾਂ ਦਾ ਕੋਈ ਰਾਜਸੀ ਦਬਾਅ ਨਹੀਂ ਹੈ। ਜੇ ਦਬਾਅ ਨਾ ਹੁੰਦਾ ਤਾਂ ਪੁਲੀਸ ਮੁਲਜ਼ਮ ਬੈਂਸ ਨੂੰ ਅਦਾਲਤ ਕੰਪਲੈਕਸ ’ਚ ਚੋਣ ਪ੍ਰਚਾਰ ਦੌਰਾਨ ਕਾਬੂ ਨਾ ਕਰਦੀ। ਪਿਸਤੌਲ ਜਾਂਚ ਲਈ ਭੇਜੀ ਗਈ ਹੈ। ਉਮੀਦ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।