ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਜੂਨ
ਪੰਜਾਬ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰੰਘ ਸਿੱਧੂ ਵਿਚਾਲੇ ਚਲ ਰਹੀ ਖਿੱਚੋਤਾਣ ਬਾਰੇ ਕਾਂਗਰਸ ਹਾਈ ਕਮਾਨ ਦਾ ਹਾਲੇ ਕੋਈ ਫੈਸਲਾ ਨਹੀਂ ਆਇਆ ਹੈ ਪਰ ਇਥੇ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਵਿੱਚ ਅਜਿਹੇ ਪੋਸਟਰ ਲਾਏ ਜਾ ਰਹੇ ਹਨ, ਜਿਨ੍ਹਾਂ ਵਿਚ ਉਸ ਨੂੰ 2022 ਦਾ ਕੈਪਟਨ ਆਖਿਆ ਜਾ ਰਿਹਾ।
ਅੱਜ ਇਥੇ ਵਾਰਡ ਨੰਬਰ 21 ਦੇ ਇਲਾਕੇ ਵਿੱਚ ਕੌਂਸਲਰ ਪਰਮਿੰਦਰ ਕੌਰ ਹੁੰਦਲ ਦੇ ਨਾਂਅ ਹੇਠ ਅਜਿਹੇ ਪੋੋਸਟਰ ਲਾਏ ਗਏ ਹਨ। ਇਨ੍ਹਾਂ ’ਤੇ ਲਿਖਿਆ ਹੋਇਆ ਹੈ ਕਿ ‘ਫਤਿਹ ਕਰਕੇ ਬਣਾਵਾਂਗੇ ਸਰਕਾਰ, 2022 ਦਾ ਹੋਵੇਗਾ ਸਿੱਧੂ ਸਿਰ ਤਾਜ’ , ਪੰਜਾਬ ਦਾ ਕੈਪਟਨ ਸਿੱਧੂ’ ਨਾਮੀ ਹੋਰਡਿੰਗ ਲਾਏ ਗਏ ਹਨ। ਇਸ ਤੋਂ ਪਹਿਲਾਂ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਹੋਰਡਿੰਗ ਲਾਏ ਗਏ ਸਨ, ਜਿਨ੍ਹਾਂ ਵਿੱਚ ਲਿਖਿਆ ਗਿਆ ਸੀ ਕਿ ਪੰਜਾਬ ਦਾ ਇਕ ਹੀ ਕੈਪਟਨ , ਕੈਪਟਨ ਫਾਰ 2022 ਅਤੇ ਕੈਪਟਨ ਇਕ ਹੀ ਹੁੰਦਾ ਹੈ। ਦੋਵਾਂ ਆਗੂਆਂ ਦੇ ਇਹ ਪੋਸਟਰ ਇਥੇ ਕਈ ਥਾਵਾਂ ’ਤੇ ਇਕੱਠੇ ਵੀ ਲੱਗੇ ਹੋਏ ਹਨ।
ਹੋਰਡਿੰਗ ਲਾਉਣ ਵਾਲੇ ਜਾਟ ਮਹਾ ਸਭਾ ਦੇ ਆਗੂ ਮਾਸਟਰ ਹਰਪਾਲ ਸਿੰਘ ਨੇ ਆਖਿਆ ਕਿ ਇਹ ਪੋੋਸਟਰ ਸ੍ਰੀ ਸਿੱਧੂ ਨਾਲ ਉਨ੍ਹਾਂ ਦੇ ਪਿਆਰ, ਸਤਿਕਾਰ ਅਤੇ ਨੇੜਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਆਖਿਆ ਕਿ ਜਿਵੇ ਮੇਅਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਆਪਸੀ ਨੇੜਤਾ ਕਰਕੇ ਉਨ੍ਹਾਂ ਦੇ ਹੱਕ ਵਿਚ ਹੋਰਡਿੰਗ ਲਾਏ ਸਨ, ਇਸੇ ਤਰ੍ਹਾਂ ਉਸ ਨੇ ਵੀ ਸ੍ਰੀ ਸਿੱਧੂ ਨਾਲ ਨੇੜਤਾ ਦਿਖਾਉਣ ਲਈ ਇਹ ਹੋਰਡਿੰਗ ਲਾਏ ਹਨ। ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਸਬੰਧੀ ਲੱਗੇ ਪੋਸਟਰਾਂ ਬਾਰੇ ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਠੀਕ ਨਹੀਂ ਹਨ ਅਤੇ ਇਸ ਲਈ ਆਪਣੇ ਪਟਿਆਲਾ ਸਥਿਤ ਘਰ ਵਿਚ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਹਨ। ਉਹ ਜਲਦੀ ਪਰਤ ਆਉਣਗੇ। ਉਨ੍ਹਾਂ ਆਖਿਆ ਕਿ ਅਜਿਹੇ ਪੋਸਟਰ ਲਾਉਣ ਵਿੱਚ ਕੋਈ ਬੁਰਾਈ ਨਹੀਂ ਹੈ। ਸਿੱਧੂ ਨੂੰ ਕੈਪਟਨ ਲਿਖਣ ਬਾਰੇ ਆਪਣਾ ਤਰਕ ਦਿੰਦਿਆ ਉਸ ਨੇ ਆਖਿਆ ਕਿ ਜਿਵੇਂ ਫੌਜ ਦੀ ਨੌਕਰੀ ਵੇਲੇ ਅਮਰਿੰਦਰ ਸਿੰਘ ਕੈਪਟਨ ਸਨ, ਉਸੇ ਤਰ੍ਹਾਂ ਕ੍ਰਿਕਟ ਟੀਮ ਵਿੱਚ ਸਿੱਧੂ ਵੀ ਕੈਪਟਨ ਰਹੇ ਹਨ। ਉਨ੍ਹਾਂ ਆਖਿਆ ਕਿ ਸਿੱਧੂ ਆਪਣੇ ਰੁਤਬੇ ਮੁਤਾਬਕ ਕਾਂਗਰਸ ਵਿਚ ਵੱਡਾ ਅਹੁਦਾ ਪ੍ਰਾਪਤ ਕਰਨ ਦਾ ਹੱਕ ਰੱਖਦੇ ਹਨ।
ਇਥੇ ਚੱਲ ਰਹੀ ਪੋਸਟਰ ਜੰਗ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਫਿਲਹਾਲ ਜਾਰੀ ਹੈ। ਦੱਸਣਯੋਗ ਹੈ ਕਿ ਕਾਂਗਰਸ ਹਾਈ ਕਮਾਂਡ ਵਲੋ ਇਨਾਂ ਦੋਵਾਂ ਦੀ ਆਪਸੀ ਅੰਦਰੂਨੀ ਜੰਗ ਨੂੰ ਖ਼ਤਮ ਕਰਨ ਲਈ ਇਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਦੋਵਾਂ ਧਿਰਾਂ ਦੇ ਸਮਰਥਕਾਂ ਸਮੇਤ ਸ੍ਰੀ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰ ਚੁੱਕੀ ਹੈ। ਇਸ ਕਮੇਟੀ ਆਪਣੀ ਰਿਪੋਰਟ ਕਾਂਗਰਸ ਹਾਈ ਕਮਾਨ ਨੂੰ ਸੌਂਪ ਚੁੱਕੀ ਹੈ ਅਤੇ ਹੁਣ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਦੋਵਾਂ ਆਗੂਆਂ ਨੂੰ 20 ਜੂਨ ਨੂੰ ਦਿਲੀ ਸੱਦਿਆ ਗਿਆ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਵਿੱਢੀ ਗਈ ਸ਼ਬਦੀ ਜੰਗ ਵੀ ਹੁਣ ਪਹਿਲੀ ਜੂਨ ਤੋਂ ਬੰਦ ਹੈ।