ਪੱਤਰ ਪ੍ਰੇਰਕ
ਤਰਨ ਤਾਰਨ, 15 ਜੁਲਾਈ
ਪਿੰਡ ਕੋਟ ਧਰਮ ਚੰਦ ਕਲਾਂ ਵਿੱਚ ਬੀਤੇ ਦਿਨ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਲੁਟੇਰੇ ਮਨਪ੍ਰੀਤ ਸਿੰਘ (23) ਦੀ ਲਾਸ਼ ਦਾ ਅੱਜ ਇੱਥੋਂ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਵੱਲੋਂ ਪੋਸਟਮਾਰਟਮ ਕੀਤਾ ਗਿਆ| ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਤਰਨ ਤਾਰਨ ਦੇ ਤਹਿਸੀਲਦਾਰ ਦੀ ਨਿਗਰਾਨੀ ਹੇਠ ਹੋਈ ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ| ਪੋਸਟਮਾਰਟਮ ਦੀ ਕਾਰਵਾਈ ਸਿਵਲ ਹਸਪਤਾਲ ਦੇ ਮੈਡੀਕਲ ਅਧਿਕਾਰੀ ਡਾ. ਸੁਰਿੰਦਰ ਸਿੰਘ, ਡਾ. ਕੋਮਲ ਕੰਵਲਪ੍ਰੀਤ ਕੌਰ ਅਤੇ ਡਾ. ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ| ਮਨਪ੍ਰੀਤ ਦੀ ਪਿੱਠ ਵਿੱਚ ਲੱਗੀ ਗੋਲੀ ਸਰੀਰ ਦੇ ਦੂਸਰੇ ਪਾਸਿਓਂ ਨਿਕਲ ਗਈ, ਜਿਹੜੀ ਉਸ ਦੀ ਮੌਤ ਦਾ ਕਾਰਨ ਬਣੀ| ਮਨਪ੍ਰੀਤ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਸੀ।