ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੁਲਾਈ
ਬਿਜਲੀ ਸੰਕਟ ਨਾਲ ਪਹਿਲਾਂ ਤੋਂ ਹੀ ਜੂਝ ਰਹੇ ਪੰਜਾਬ ਨੂੰ ਹੁਣ ਗੰਭੀਰ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਤਲਵੰਡੀ ਸਾਬੋ ਦੇ ਬਣਾਂਵਾਲਾ ਤਾਪ ਘਰ ਦਾ ਦੂਸਰਾ ਯੂਨਿਟ ਬੀਤੀ ਅੱਧੀ ਰਾਤ ਨੂੰ ਟਰਿੱਪ ਕਰ ਗਿਆ ਹੈ। ਇਸ ਕਾਰਨ 660 ਮੈਗਾਵਾਟ ਬਿਜਲੀ ਦੀ ਕਮੀ ਪੈਦਾ ਹੋ ਗਈ ਹੈ। ਇਸੇ ਤਾਪ ਘਰ ਦਾ ਇੱਕ ਯੂਨਿਟ ਪਹਿਲਾਂ ਹੀ ਕਿਸੇ ਵੱਡੇ ਨੁਕਸ ਕਾਰਨ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਹੀ ਬੰਦ ਚਲਿਆ ਆ ਰਿਹਾ ਹੈ।
ਪ੍ਰਾਈਵੇਟ ਭਾਈਵਾਲੀ ਤਹਿਤ ਵੇਦਾਂਤਾ ਕੰਪਨੀ ਵਲੋਂ ਮਾਨਸਾ ਨੇੜਲੇ ਪਿੰਡ ਬਣਾਂਵਾਲਾ ’ਚ ਲਾਇਆ ਗਿਆ ਉੱਤਰੀ ਭਾਰਤ ਦਾ ਇਹ ਸਭ ਤੋਂ ਵੱਡਾ ਤਾਪਘਰ ਹੈ, ਜਿਸ ਦੇ ਤਿੰਨੋਂ ਯੂਨਿਟਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੀ ਹੈ। ਇਹ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐੱਸਪੀਐੱਲ) ਉੱਤਰੀ ਗਰਿੱਡ ਨੂੰ ਸਭ ਤੋਂ ਜ਼ਿਆਦਾ ਲਗਭਗ 1178 ਮੈਗਾਵਾਟ ਬਿਜਲੀ ਰੋਜ਼ਾਨਾ ਸਪਲਾਈ ਕਰ ਰਿਹਾ ਸੀ।
ਵੇਰਵਿਆਂ ਅਨੁਸਾਰ ਇਸ ਤਾਪ ਘਰ ਦੇ ਯੂਨਿਟ ਨੰਬਰ-1 ’ਚ ਅੱਧੀ ਰਾਤ ਨੂੰ ਅਚਾਨਕ ਕੋਈ ਨੁਕਸ ਪੈ ਗਿਆ। ਇਸ ਦੀ ਜਾਣਕਾਰੀ ਜਿਵੇਂ ਹੀ ਉੱਚ ਅਧਿਕਾਰੀਆਂ ਨੂੰ ਮਿਲੀ ਤਾਂ ਉਨ੍ਹਾਂ ਇਸ ਦੀ ਦਰੁਸਤੀ ਲਈ ਤੁਰੰਤ ਉਪਰਾਲੇ ਆਰੰਭ ਕਰ ਦਿੱਤੇ। ਤਾਪ ਘਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇੱਕ ਨੰਬਰ ਯੂਨਿਟ ਦੀ ਇੱਕ ਟਿਊਬ ਵਿੱਚ ਕੋਈ ਤਕਨੀਕੀ ਨੁਕਸ ਪੈ ਗਿਆ ਹੈ, ਜਿਸ ਦੇ ਪਾਣੀ ਨੂੰ ਠੰਢਾ ਕੀਤਾ ਜਾ ਰਿਹਾ ਹੈ ਅਤੇ ਜਿਵੇਂ ਹੀ ਇਹ ਠੰਢਾ ਹੋਵੇਗਾ ਤਾਂ ਨੁਕਸਾਨੀ ਟਿਊਬ ਨੂੰ ਠੀਕ ਕਰਕੇ ਮੁੜ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਛੇਤੀ ਹੀ ਠੀਕ ਹੋ ਕੇ ਬਿਜਲੀ ਉਤਪਾਦਨ ਕਰਨ ਦੀ ਵੱਡੀ ਉਮੀਦ ਹੈ।
ਅਧਿਕਾਰੀ ਨੇ ਇਹ ਵੀ ਕਿਹਾ ਕਿ ਪਹਿਲਾਂ ਤੋਂ ਹੀ ਖ਼ਰਾਬ ਦੂਸਰੇ ਯੂਨਿਟ ਨੂੰ ਠੀਕ ਕਰਨ ਲਈ ਗੁਜਰਾਤ ਭੇਜਿਆ ਗਿਆ ਹੈ, ਜਿਸ ਦੇ ਇੱਕ ਹਫ਼ਤੇ ਤੱਕ ਚਾਲੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਪਾਵਰਕੌਮ ਵੱਲੋਂ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਜੁਰਮਾਨਾ ਨੋਟਿਸ ਜਾਰੀ
ਪਟਿਆਲਾ (ਰਵੇਲ ਸਿੰਘ ਭਿੰਡਰ): ਪੀਐੱਸਪੀਸੀਐੱਲ (ਪਾਵਰਕੌਮ) ਨੇ ਨਿੱਜੀ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਤਿੰਨ ਨੰਬਰ ਯੂਨਿਟ ਦੇ ਪਿਛਲੇ ਚਾਰ ਮਹੀਨਿਆਂ ਤੋਂ ਬੰਦ ਹੋਣ ਦੇ ਮਾਮਲੇ ’ਤੇ ਅੱਜ ਸਖ਼ਤ ਸਟੈਂਡ ਲੈਂਦਿਆਂ ਜੁਰਮਾਨਾ ਨੋਟਿਸ ਜਾਰੀ ਕੀਤਾ ਹੈ। ਉਂਜ ਤਲਵੰਡੀ ਸਾਬੋ ਦੀ ਅੱਜ ਯੂਨਿਟ ਨੰਬਰ ਇੱਕ ਵੀ ਤਕਨੀਕੀ ਨੁਕਸ ਕਾਰਨ ਬੰਦ ਹੋ ਗਈ ਹੈ। ਸੂਬੇ ’ਚ 30 ਜੂਨ ਅਤੇ ਪਹਿਲੀ ਜੁਲਾਈ ਨੂੰ ਬਿਜਲੀ ਉਤਪਾਦਨ ਪੱਖੋਂ ਵੱਡੀ ਘਾਟ ਕਾਰਨ ਪਾਵਰਕੌਮ ਨੂੰ ਵੱਡੇ ਬਿਜਲੀ ਕੱਟ ਲਾਉਣ ਲਈ ਮਜਬੂਰ ਹੋਣਾ ਪਿਆ ਸੀ। ਪਾਵਰਕੌਮ ਦਾ ਮੰਨਣਾ ਹੈ ਕਿ ਅਜਿਹੀ ਮੁਸ਼ਕਲ ਦੀ ਘੜੀ ਤਾਂ ਆਈ ਕਿਉਂਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਯੂਨਿਟ ਨੰਬਰ ਤਿੰਨ 8 ਮਾਰਚ ਤੋਂ ਬੰਦ ਸੀ, ਜਿਸ ਸਬੰਧੀ ਥਰਮਲ ਪਲਾਂਟ ਨੇ ਪ੍ਰਮੁੱਖਤਾ ਨਾਲ ਗੌਰ ਨਹੀਂ ਕੀਤਾ। ਪਾਵਰਕੌਮ ਦੇ ਸੀਐੱਮਡੀ ਏ ਵੇਣੂ ਪ੍ਰਸ਼ਾਦ ਨੇ ਖੁਲਾਸਾ ਕੀਤਾ ਕਿ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਨੂੰ ਯੂਨਿਟ ਨੰਬਰ 3 ਦੀ ਸਮੇਂ ਸਿਰ ਉਪਲੱਬਧਤਾ ਨਾ ਕਰਾਉਣ ਲਈ ਜੁਰਮਾਨੇ ਦਾ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵਾਰ ਵਾਰ ਟੀਐੱਸਪੀਐੱਲ ਨੂੰ ਨਿਰਦੇਸ਼ ਦਿੰਦਾ ਰਿਹਾ ਸੀ ਕਿ ਕਿ ਉਹ ਝੋਨੇ ਦੇ ਸੀਜ਼ਨ ਵਿੱਚ ਆਪਣੀਆਂ ਤਿੰਨੋਂ ਯੂਨਿਟਾਂ ਦੀ ਪੂਰੀ ਉਪਲੱਬਧਤਾ ਯਕੀਨੀ ਬਣਾਏ ਪ੍ਰੰਤੂ ਪ੍ਰਾਈਵੇਟ ਕੰਪਨੀ ਨੇ ਪੂਰੀ ਚੌਕਸੀ ਨਹੀਂ ਵਰਤੀ। ਉਨ੍ਹਾਂ ਕਿਹਾ ਕਿ ਇਸ ਨਿੱਜੀ ਥਰਮਲ ਦੇ ਅਜਿਹੇ ਵਿਵਹਾਰ ਕਾਰਨ ਪਾਵਰਕੌਮ ਨੂੰ ਖੇਤੀਬਾੜੀ ਅਤੇ ਰਾਜ ਦੇ ਘਰੇਲੂ ਖਪਤਕਾਰਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਟੀਐੱਸਪੀਐੱਲ ਨੂੰ ਯੂਨਿਟ ਨੰਬਰ 3 ਛੇਤੀ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਨੋਟਿਸ ’ਚ ਆਖਿਆ ਗਿਆ ਹੈ ਕਿ ਕਿਉਂ ਨਾ ਥਮਰਲ ਦੇ ਸਮਝੌਤੇ ’ਤੇ ਖਰਾ ਨਾ ਉਤਰਣ ਲਈ ਸਾਲ 2021-22 ਦੇ ਭੁਗਤਾਨ ਕਰਨ ਵਾਲੇ ਚਾਰਜ ’ਚੋਂ ਜੁਰਮਾਨਾ ਕੱਟ ਲਿਆ ਜਾਵੇ ਜਾਂ ਹੋਰ ਵਾਧੂ ਜੁਰਮਾਨਾ ਕੀਤਾ ਜਾਵੇ। ਪਾਵਰਕੌਮ ਵੱਲੋਂ ਬਿਜਲੀ ਸਮਝੌਤੇ ਦੀ ਮੱਦ ਹੇਠ ਇਸ ਪਲਾਂਟ ਨੂੰ ਉੱਕਾ-ਪੁੱਕਾ ਦਰ ’ਤੇ ਹਰ ਸਾਲ ਵੱਡੀ ਰਕਮ ਅਦਾ ਕੀਤੀ ਜਾ ਰਹੀ ਹੈ। ਸਾਲ 2018-19 ’ਚ 1521 ਕਰੋੜ ਰੁਪਏ ਰਕਮ ਅਦਾ ਹੋਈ ਸੀ ਅਤੇ ਹਰ ਸਾਲ ਔਸਤਨ ਐਨੀ ਹੀ ਰਕਮ ਪਾਵਰਕੌਮ ਤਲਵੰਡੀ ਸਾਬੋ ਪਲਾਂਟ ਨੂੰ ਅਦਾ ਕਰ ਰਿਹਾ ਹੈ।