ਪੱਤਰ ਪ੍ਰੇਰਕ
ਮਾਨਸਾ, 1 ਜੂਨ
ਪੰਜਾਬ ਵਿੱਚ ਜਿਉਂ-ਜਿਉਂ ਝੋਨੇ ਦੀ ਲੁਆਈ ਦੇ ਦਿਨ ਨੇੜੇ ਆ ਰਹੇ ਹਨ, ਤਿਉਂ-ਤਿਉਂ ਵੱਡੇ ਤਾਪਘਰਾਂ ਤੋਂ ਬਿਜਲੀ ਪੈਦਾਵਾਰ ਦਾ ਸੰਕਟ ਵਧਣ ਦੇ ਸ਼ੰਕੇ ਖੜ੍ਹੇ ਹੋ ਰਹੇ ਹਨ। ਮਾਨਸਾ ਨੇ ਪਿੰਡ ਬਣਾਂਵਾਲਾ ਸਥਿਤ ਟੀਐੱਸਪੀਐੱਲ ਦਾ ਇੱਕ ਯੂਨਿਟ ਬੰਦ ਹੋ ਗਿਆ। ਇਸ ਤਾਪਘਰ ਦੇ ਦੂਜੇ ਦੋ ਯੂਨਿਟਾਂ ਵੱਲੋਂ 672 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਪ੍ਰਬੰਧਕਾਂ ਅਨੁਸਾਰ ਯੂਨਿਟ ਨੰਬਰ-3 ਵੱਲੋਂ ਭਲਕੇ ਤੋਂ ਕੰਮ ਕਰਨ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬੱਤ ਦੇ ਬੰਦ ਹੋਏ ਚਾਰ ਯੂਨਿਟਾਂ ’ਚੋਂ ਦੋ ਮੁੜ ਸ਼ੁਰੂ ਹੋ ਗਏ ਹਨ। ਇਨ੍ਹਾਂ ਯੂਨਿਟਾਂ ਤੋਂ ਅੱਜ ਸ਼ਾਮ ਨੂੰ 354 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ। ਇਸ ਪਲਾਂਟ ਰੋਪੜ ਦੇ ਦੋ ਯੂਨਿਟ ਪੱਕੇ ਬੰਦ ਹਨ ਅਤੇ ਯੂਨਿਟ-3 ਤੋਂ 160, ਯੂਨਿਟ-5 ਵੱਲੋਂ 149 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਗਈ ਹੈ। ਇਸੇ ਤਰ੍ਹਾਂ ਰਾਜਪੁਰਾ ਸਥਿਤ ਐੱਲ ਐਂਡ ਟੀ ਤਾਪਘਰ ਦੇ ਦੋਵੇਂ ਯੂਨਿਟਾਂ ਵੱਲੋਂ 566 ਤੇ 603 ਮੈਗਵਾਟ ਬਿਜਲੀ ਸਪਲਾਈ ਕੀਤੀ ਗਈ। ਦੂਜੇ ਪਾਸੇ ਤਾਪਘਰ ਜੀਵੀਕੇ ਗੋਇੰਦਵਾਲ ਦੇ ਯੂਨਿਟ ਨੰਬਰ-1 ਵੱਲੋਂ 147 ਮੈਗਾਵਾਟ ਤੇ ਯੂਨਿਟ ਨੰਬਰ-2 ਵੱਲੋਂ 151 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਮੰਗ ਵਧਣ ਮਗਰੋਂ ਪਣ ਬਿਜਲੀ ਘਰਾਂ ਦਾ ਉਤਪਾਦਨ ਵੀ ਵਧਾ ਦਿੱਤਾ ਹੈ। ਰੂਪਨਗਰ ਜ਼ਿਲ੍ਹੇ ਦੀ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ ਪਾਣੀ ਆਉਣ ਨਾਲ ਇਸ ਨਹਿਰ ’ਤੇ ਕੋਟਲਾ ਪਾਵਰ ਹਾਊਸ ਤੇ ਨੱਕੀਆਂ ਵਿੱਚ ਲੱਗੇ ਪਣ ਬਿਜਲੀ ਘਰਾਂ ਦੇ ਯੂਨਿਟਾਂ ਵਿੱਚ ਵੀ ਬਿਜਲੀ ਉਤਪਾਦਨ ਸ਼ੁਰੂ ਹੋ ਗਿਆ ਹੈ।