ਜਗਮੋਹਨ ਸਿੰਘ
ਘਨੌਲੀ, 17 ਮਈ
ਗੁਰੂ ਗੋਬਿੰਦ ਸਿੰਘ ਸੁਪਰ ਪਲਾਂਟ ਰੂਪਨਗਰ ਦਾ ਬੀਤੀ ਦੇਰ ਸ਼ਾਮ ਬੰਦ ਹੋਇਆ 5 ਨੰਬਰ ਯੂਨਿਟ ਅੱਜ ਬਾਅਦ ਦੁਪਹਿਰ ਤੱਕ ਵੀ ਚਾਲੂ ਨਹੀਂ ਹੋ ਸਕਿਆ। ਥਰਮਲ ਪਲਾਂਟ ਦੇ ਇੰਜਨੀਅਰਾਂ ਦੀ ਟੀਮ ਯੂਨਿਟ ਦੀ ਮੁਰੰਮਤ ਕਰਨ ਵਿੱਚ ਜੁਟੀ ਹੋਈ ਹੈ। 5 ਨੰਬਰ ਯੂਨਿਟ ਬੀਤੀ ਦੇਰ ਸ਼ਾਮ 7.40 ਵਜੇ ਬੰਦ ਹੋ ਗਿਆ ਸੀ ਤੇ ਥਰਮਲ ਪਲਾਂਟ ਦੇ ਪ੍ਰਬੰਧਕਾਂ ਦੁਆਰਾ ਇਸ ਯੂਨਿਟ ਦੇ ਬਦਲੇ 3 ਨੰਬਰ ਯੂਨਿਟ ਨੂੰ ਚਲਾਉਣ ਦੀ ਤਿਆਰੀ ਕਰ ਲਈ ਗਈ ਸੀ ਪਰ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ ਤਿੰਨੋਂ ਯੂਨਿਟ ਪੂਰੀ ਸਮਰਥਾ ’ਤੇ ਚੱਲਣ ਤੇ ਬਿਜਲੀ ਦੀ ਮੰਗ ਘੱਟ ਹੋਣ ਕਾਰਨ ਪਾਵਰਕਾਮ ਮੈਨੇਜਮੈਂਟ ਵੱਲੋਂ 3 ਨੰਬਰ ਯੂਨਿਟ ਨੂੰ ਚਲਾਉਣ ਲਈ ਹਰੀ ਝੰਡੀ ਨਹੀਂ ਮਿਲੀ। ਪਾਵਰਕਾਮ ਦੇ ਲੋਡ ਡਿਸਪੈਚ ਸੈਂਟਰ ਅਨੁਸਾਰ ਥਰਮਲ ਪਲਾਂਟ ਰੂਪਨਗਰ 4 ਨੰਬਰ ਯੂਨਿਟ 187 ਅਤੇ 6 ਨੰਬਰ ਯੂਨਿਟ 198 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਿਹਾ ਸੀ।