ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਪਰੈਲ
ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦਾ ਦੌਰਾ ਕਰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਸੂਬੇ ਵਿਚ ਨਿਰਵਿਘਨ ਬਿਜਲੀ ਸਪਲਾਈ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਬਹੁਤ ਜਲਦੀ ਹਰ ਖੇਤਰ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ 40 ਫੀਸਦੀ ਬਿਜਲੀ ਦੀ ਮੰਗ ਵਧੀ ਹੈ। ਕਈ ਬਿਜਲੀ ਤਾਪ ਘਰਾਂ ’ਚ ਤਕਨੀਕੀ ਕਾਰਨਾਂ ਕਰਕੇ ਕੁਝ ਯੂਨਿਟ ਬੰਦ ਹੋ ਗਏ ਸਨ, ਜਿਸ ਕਾਰਨ ਬਿਜਲੀ ਸਪਲਾਈ ਕੁਝ ਹੱਦ ਤੱਕ ਪ੍ਰਭਾਵਿਤ ਹੋਈ ਸੀ। ਇਨ੍ਹਾਂ ’ਚੋਂ ਕੁਝ ਯੂਨਿਟ ਹੁਣ ਠੀਕ ਕਰ ਲਏ ਗਏ ਹਨ ਅਤੇ ਬਾਕੀ ਵੀ ਜਲਦੀ ਹੀ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਝਾਰਖੰਡ ਵਿੱਚ ਪਛਵਾੜਾ ਕੋਲਾ ਖਾਣ ਮਿਲ ਗਈ ਹੈ, ਜਿਸ ਨੂੰ ਜਲਦੀ ਹੀ ਚਾਲੂ ਕਰ ਕੇ ਪੰਜਾਬ ਨੂੰ ਕੋਲਾ ਸਪਲਾਈ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਿਜਲੀ ਕਿੱਲਤ ਦੂਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਬਿਜਲੀ ਸਪਲਾਈ ਵਿੱਚ ਸਮੱਸਿਆ ਆਈ ਸੀ, ਜਿਸ ਨੂੰ ਸਰਕਾਰ ਨੇ ਹੱਲ ਕਰ ਲਿਆ ਹੈੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਬਿਜਲੀ ਕੱਟਾਂ ਦੌਰਾਨ ਬੈਕਅਪ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਬਿਜਲੀ ਕੱਟਾਂ ਦਾ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ’ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾ ਰਿਹਾ।
ਸਨਅਤ ’ਤੇ ਵੀ ਪੈਣ ਲੱਗਿਆ ਬਿਜਲੀ ਕੱਟਾਂ ਦਾ ਅਸਰ
ਲੁਧਿਆਣਾ (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ’ਚ ਲਗਾਤਾਰ ਲੱਗ ਰਹੇ ਅਣ-ਐਲਾਨੇ ਬਿਜਲੀ ਕੱਟਾਂ ਨੇ ਸਨਅਤਕਾਰਾਂ ਲਈ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਬਿਜਲੀ ਕੱਟਾਂ ਕਾਰਨ ਸਨਅਤਕਾਰਾਂ ਦਾ ਉਤਪਾਦਨ ਪ੍ਰਭਾਵਿਤ ਹੋਣ ਲੱਗਾ ਹੈ। ਬਿਜਲੀ ਕੱਟ ਸਮੇਂ ਫੈਕਟਰੀਆਂ ਵਿੱਚ ਲੇਬਰ ਨੂੰ ਵਿਹਲਾ ਬੈਠਣਾ ਪੈਂਦਾ ਹੈ, ਜਿਸ ਕਰਕੇ ਉਤਪਾਦਨ ਦੀ ਲਾਗਤ ਕੀਮਤ ਵਧਣ ਲੱਗ ਗਈ ਹੈ। ਸਨਅਤਕਾਰਾਂ ਮੁਤਾਬਕ ਗਰਮੀ ਦੀ ਸ਼ਰੁੂਆਤ ’ਚ ਹੀ ਅਜਿਹੇ ਹਾਲਾਤ ਹੋਣ ਨਾਲ ਸਥਿਤੀ ਬੇਹੱਦ ਖਰਾਬ ਹੋ ਗਈ ਹੈ। ਸਭ ਤੋਂ ਵੱਧ ਮੁਸ਼ਕਲ ਐਕਸਪੋਰਟ ਨੂੰ ਹੋ ਰਹੀ ਹੈ ਕਿਉਂਕਿ ਐਕਸਪੋਰਟ ਦੇ ਆਰਡਰਾਂ ਦਾ ਸਮੇਂ ’ਤੇ ਭੁਗਤਾਨ ਕਰਨਾ ਹੁੰਦਾ ਹੈ ਪਰ ਬਿਜਲੀ ਦੇ ਵਾਰ-ਵਾਰ ਕੱਟ ਲੱਗਣ ਕਾਰਨ ਉਤਪਾਦਨ ਪੂਰਾ ਨਹੀਂ ਹੋ ਰਿਹਾ।
ਫਾਸਟਨਰ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਭਮਰਾ ਦੇ ਦੱਸਿਆ ਕਿ ਬਿਜਲੀ ਤੋਂ ਬਿਨਾਂ ਸਨਅਤਾਂ ਦਾ ਚੱਲਣਾ ਅਸੰਭਵ ਹੈ। ਮੰਡੀ ਗੋਬਿੰਦਗੜ੍ਹ ’ਚ ਲੱਗਣ ਵਾਲੇ ਕੱਟਾਂ ਕਾਰਨ ਸਟੀਲ ਉਤਪਾਦ ਬਣਾਉਣ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ। ਘੱਟ ਉਤਪਾਦਨ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਭਾਅ ਵੀ ਵਧ ਜਾਣਗੇ। ਸਰਕਾਰ ਨੂੰ ਸਨਅਤਕਾਰਾਂ ਦੀ ਇਸ ਸਮੱਸਿਆ ਵੱਲ ਧਿਆਨ ਦੇਣ ਦੀ ਲੋੜ ਹੈ।