ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੂਨ
ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਸਰਕਾਰ ’ਤੇ ਕਰੋੜਾਂ ਰੁਪਏ ਦੇ ਬਿਜਲੀ ਘਪਲੇ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਅਕਾਲੀ-ਭਾਜਪਾ ਸਰਕਾਰ ਵੇਲੇ ਬਿਜਲੀ ਖ਼ਰੀਦ ਸਮਝੌਤੇ (ਪੀਪੀਏ) ਤਹਿਤ ਤਲਵੰਡੀ ਸਾਬੋ, ਰਾਜਪੁਰਾ ਅਤੇ ਗੋਇੰਦਵਾਲ ਸਾਹਿਬ ਵਿੱਚ ਤਿੰਨ ਨਿੱਜੀ ਥਰਮਲ ਪਲਾਂਟ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਨੂੰ 20,000 ਕਰੋੜ ਰੁਪਏ ਦਾ ਭੁਗਤਾਨ ਫਿਕਸ ਚਾਰਜ ਦੇ ਰੂਪ ਵਿੱਚ ਕੀਤਾ। ਇਸ ਵਿੱਚੋਂ 5700 ਕਰੋੜ ਰੁਪਏ ਦੀ ਰਕਮ ਬਿਨਾਂ ਬਿਜਲੀ ਖ਼ਰੀਦ ਦੇ ਜਾਰੀ ਕਰ ਦਿੱਤੀ ਗਈ। ਅਜਿਹੇ ਵਿੱਚ ਕੈਪਟਨ ਸਰਕਾਰ ਜਾਂਚ ਕਰਨ ਦੀ ਬਜਾਏ ਮਾਮਲੇ ’ਤੇ ਪਰਦਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗੜਬੜੀ ਅਕਾਲੀ ਅਤੇ ਕੈਪਟਨ ਸਰਕਾਰ ਦੀ ਮਿਲੀਭੁਗਤ ਨੂੰ ਪ੍ਰਗਟਾਉਂਦੀ ਹੈ। ਭਗਵੰਤ ਮਾਨ ਨੇ ਕੈਪਟਨ ਸਰਕਾਰ ਨੂੰ ਇਸ ਸਮਝੌਤੇ ਦੀ ਪੜਚੋਲ ਕਰ ਕੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਾਵਰਕੌਮ ਕੋਲ ਪਹਿਲਾਂ ਹੀ ਬਿਜਲੀ ਸਰਪਲੱਸ ਹੈ ਤਾਂ ਸਰਕਾਰ ਨੂੰ ਦੂਜੇ ਸੂਬਿਆਂ ਤੋਂ ਬਿਜਲੀ ਖ਼ਰੀਦਣ ਦੀ ਕੀ ਲੋੜ ਪੈ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਉਹ ਬਾਦਲਾਂ ਵੱਲੋਂ ਕੀਤੇ ਗਏ ਬਿਜਲੀ ਖ਼ਰੀਦ ਸਮਝੌਤਿਆਂ ’ਤੇ ਵਾਈਟ ਪੱਤਰ ਜਾਰੀ ਕਰਨਗੇ ਪਰ ਸਾਢੇ ਚਾਰ ਸਾਲਾਂ ਮਗਰੋਂ ਵੀ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ। ‘ਆਪ’ ਆਗੂ ਨੇ ਮੰਗ ਕੀਤੀ ਕਿ ਬਿਜਲੀ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।