ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਕਤੂਬਰ
ਕੋਲਾ ਸੰਕਟ ਕਾਰਨ ਸੂਬੇ ਦੇ ਤਿੰਨ ਥਰਮਲ ਪਾਵਰ ਪਲਾਂਟਾਂ ਦੇ ਚਾਰ ਯੂਨਿਟ ਬੰਦ ਹਨ, ਜਿਸ ਕਾਰਨ ਘਰੇਲੂ ਬਿਜਲੀ ਦਾ 1990 ਮੈਗਾਵਾਟ ਉਤਪਾਦਨ ਘਟ ਗਿਆ। ਇਸ ਪੂਰਤੀ ਲਈ ਪਟਿਆਲਾ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਨੂੰ ਰੋਜ਼ਾਨਾ ਦੀ ਤਰ੍ਹਾਂ ਅੱਜ 14 ਅਕਤੂਬਰ ਨੂੰ ਵੀ 11.29 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 28 ਕਰੋੜ ਰੁਪਏ ਦੀ 25.38 ਮਿਲੀਅਨ ਯੂਨਿਟ ਬਿਜਲੀ ਮੁੱਲ ਲੈਣੀ ਪਈ। ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਇਸ ਮਹੀਨੇ ਦੌਰਾਨ ਪਾਵਰਕੌਮ ਨੂੰ ਮਹਿੰਗੇ ਭਾਅ ’ਤੇ ਕਰੀਬ 340 ਕਰੋੜ ਰੁਪਏ ਦੀ ਬਿਜਲੀ ਖਰੀਦਣੀ ਪਈ ਹੈ। ਇਸ ਦੌਰਾਨ ਸਭ ਤੋਂ ਵੱੱਧ ਤਕਰੀਬਨ 36 ਕਰੋੜ ਦੀ ਬਿਜਲੀ 12 ਅਕਤੂਬਰ ਨੂੰ ਖਰੀਦੀ ਗਈ, ਜਦਕਿ ਅੱਜ 11.29 ਰੁਪਏ ਯੂਨਿਟ ਦੇ ਹਿਸਾਬ ਨਾਲ 28 ਕਰੋੜ ਦੀ 25.38 ਮਿਲੀਅਨ ਯੂਨਿਟ ਬਿਜਲੀ ਖਰੀਦੀ ਗਈ। ਦੂਜੇ ਪਾਸੇ ਬੀਤੇ ਦਿਨ ਪੰਜਾਬ ਨੂੰ ਮਿਲੇ ਕੋਲੇ ਦੇ 10 ਰੈਕਾਂ ਵਿੱਚੋਂ ਬਹੁਤਾ ਕੋਲਾ ਵਰਤਿਆ ਗਿਆ ਪਰ ਅੱਜ ਇੱਕ ਹੋਰ ਖੇਪ ਵੀ ਆਈ। ਉਂਝ ਅੱਜ 15 ਰੈਕ ਪੰਜਾਬ ਲਈ ਹੋਰ ਲੋਡ ਹੋਏ ਹਨ, ਜਿਨ੍ਹਾਂ ਸਮੇਤ ਕੁੱਲ 49 ਰੈਕ ਰਸਤੇ ’ਚ ਹਨ। ਪਾਵਰਕੌਮ ਦੇ ਸੀਐੱਮਡੀ ਏ. ਵੇਣੂ ਪ੍ਰਸਾਦ ਨੇ ਇਨ੍ਹਾਂ ਰੈਕਾਂ ਦੇ ਜਲਦੀ ਹੀ ਪੰਜਾਬ ਪਹੁੰਚਣ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਕੋਲੇ ਦਾ ਗੰਭੀਰ ਸੰਕਟ ਹੈ ਪਰ ਬਿਜਲੀ ਦੇ ਢੁੱਕਵੇਂ ਪ੍ਰਬੰਧ ਕਰਨ ਲਈ ਪਾਵਰਕੌਮ ਸ਼ਿੱਦਤ ਨਾਲ ਜੁਟਿਆ ਹੋਇਆ ਹੈ।
ਉੱਧਰ 14 ਅਕਤੂਬਰ ਦੇਰ ਸ਼ਾਮ ਤੱਕ ਘਰੇਲੂ ਬਿਜਲੀ ਉਤਪਾਦਨ ਦੀਆਂ ਮਿਲੀਆਂ ਰਿਪੋਰਟਾਂ ਦੌਰਾਨ ‘ਨਾਭਾ ਪਾਵਰ ਪਲਾਂਟ ਰਾਜਪੁਰਾ’ ਵੱਲੋਂ 1321 ਮੈਗਾਵਾਟ, ਤਲਵੰਡੀ ਸਾਬੋ ਥਰਮਲ ਵੱਲੋਂ 627, ਰੋਪੜ ਥਰਮਲ 495, ਲਹਿਰਾ ਮੁਹੱਬਤ ਤੋਂ 415 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਥਰਮਲ ਤੋਂ 372 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਸੀ। ਹਾਈਡਰੋ ਪ੍ਰਾਜੈਕਟ ਤੋਂ ਬਿਜਲੀ ਦੇ ਉਤਪਾਦਨ ਦਾ ਅੰਕੜਾ 560 ਮੈਗਾਵਾਟ ਰਿਹਾ।