ਪੱਤਰ ਪ੍ਰੇਰਕ
ਪਠਾਨਕੋਟ, 18 ਅਕਤੂਬਰ
ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਨਿਰਮਾਣ ਅਧੀਨ ਦੂਸਰੀ ਇਕਾਈ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦੇ ਮੁੱਖ ਬੰਨ੍ਹ ਦੇ ਕੁਝ ਲਟਕ ਰਹੇ ਨਿਰਮਾਣ ਕਾਰਜਾਂ ਨੂੰ ਮੁਕੰਮਲ ਕਰਨ ਲਈ ਡੈਮ ਤੋਂ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਬੰਦੀ 31 ਅਕਤੂਬਰ ਤੱਕ ਜਾਰੀ ਰਹੇਗੀ। ਇਸ ਤਰ੍ਹਾਂ ਬਿਜਲੀ ਉਤਪਾਦਨ ਦੇ ਨਾਲ-ਨਾਲ ਮਾਧੋਪੁਰ ਹੈਡਵਰਕਸ ਤੋਂ ਨਿਕਲਦੀਆਂ ਨਹਿਰਾਂ ਯੂਬੀਡੀਸੀ ਅਤੇ ਐੱਮਬੀ ਲਿੰਕ ਨਹਿਰਾਂ ਵਿੱਚ ਵੀ ਪਾਣੀ ਜਾਣਾ ਬੰਦ ਹੋ ਗਿਆ ਹੈ। ਬੰਦੀ ਦਾ ਇਹ ਫ਼ੈਸਲਾ ਜਲ ਸਰੋਤ ਵਿਭਾਗ ਨੇ ਲਿਆ ਹੈ। ਡੈਮ ਪ੍ਰਸ਼ਾਸਨ ਦੇ ਐਕਸੀਅਨ ਹੈਡ ਕੁਆਰਟਰ ਲਖਵਿੰਦਰ ਸਿੰਘ ਅਤੇ ਐਕਸੀਅਨ ਨਿਤਿਨ ਸੂਦ ਨੇ ਦੱਸਿਆ ਕਿ 15 ਤੋਂ 31 ਅਕਤੂਬਰ ਤੱਕ ਰਣਜੀਤ ਸਾਗਰ ਡੈਮ ਤੋਂ ਪਾਣੀ ਨੂੰ ਪੂਰੀ ਤਰ੍ਹਾਂ ਰੋਕਿਆ ਗਿਆ ਹੈ। ਜਿਸ ਨਾਲ ਬਿਜਲੀ ਉਤਪਾਦਨ ਦੇ ਨਾਲ-ਨਾਲ ਸਿੰਜਾਈ ਲਈ ਵੀ ਪਾਣੀ ਨੂੰ ਰੋਕਿਆ ਗਿਆ ਹੈ।