ਹਰਜੀਤ ਸਿੰਘ
ਜ਼ੀਰਕਪੁਰ, 16 ਜੂਨ
ਸ਼ਹਿਰ ਵਿੱਚ ਬੀਤੀ ਸ਼ਾਮ ਚੱਲੀ ਤੇਜ਼ ਹਨੇਰੀ ਕਾਰਨ ਜ਼ੀਰਕਪੁਰ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਝੱਖੜ ਕਾਰਨ ਸ਼ਹਿਰ ਨੂੰ ਬਿਜਲੀ ਸਪਲਾਈ ਕਰਨ ਵਾਲੀ ਮੇਨ ਲਾਈਨ ਦੇ ਤਿੰਨ ਟਾਵਰ ਉੱਖੜ ਗਏ, ਜਿਸ ਕਾਰਨ ਭਬਾਤ ਗਰਿੱਡ ਨੂੰ ਸਪਲਾਈ ਹੋਣ ਵਾਲੇ ਸਾਰੇ ਫੀਡਰਾਂ ਤੋਂ ਬਿਜਲੀ ਸਪਲਾਈ ਠੱਪ ਹੋ ਗਈ। ਬੀਤੀ ਸ਼ਾਮ ਤੋਂ ਹੀ ਭਬਾਤ, ਲੋਹਗੜ੍ਹ, ਪਿੰਡ ਛੱਤ ਸਣੇ ਲਗਪਗ ਸੌ ਰਿਹਾਇਸ਼ੀ ਕਲੋਨੀਆਂ ਵਿੱਚ ਬਿਜਲੀ ਗੁੱਲ ਹੈ।
ਪਾਵਰਕੌਮ ਦੇ ਅਧਿਕਾਰੀ ਲਗਾਤਾਰ ਸਪਲਾਈ ਬਹਾਲ ਕਰਨ ਵਿੱਚ ਜੁਟੇ ਹੋਏ ਹਨ, ਪਰ ਹਾਲੇ ਵੀ ਸਮੱਸਿਆ ਹੱਲ ਕਰਨ ਲਈ 24 ਘੰਟੇ ਦਾ ਹੋਰ ਸਮਾਂ ਲੱਗਣ ਦੀ ਸੰਭਾਵਨਾ ਹੈ। ਮੀਂਹ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ, ਪਰ ਬਿਨਾਂ ਬਿਜਲੀ ਤੋਂ ਲੋਕਾਂ ਦੇ ਘਰੇਲੂ ਤੇ ਹੋਰ ਕਈ ਕੰਮ ਪ੍ਰਭਾਵਿਤ ਹੋ ਰਹੇ ਹਨ। ਸ਼ਹਿਰ ਦੇ ਵੱਡੇ ਹਿੱਸੇ ਵਿੱਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਦਿੱਕਤਾਂ ਆ ਰਹੀਆਂ ਹਨ। ਪਿੰਡ ਬੜੀ ਦੇ ਵਸਨੀਕਾਂ ਨੇ ਦੱਸਿਆ ਕਿ ਇਨ੍ਹਾਂ ਟਾਵਰਾਂ ਦੀ ਨੀਂਹ ਕਾਫੀ ਕਮਜ਼ੋਰ ਹੋ ਗਈ ਸੀ, ਜਿਸ ਬਾਰੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਜਾਣੂ ਵੀ ਕਰਵਾਇਆ ਸੀ, ਪਰ ਉਨ੍ਹਾਂ ਸਮਾਂ ਰਹਿੰਦਿਆਂ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਅੱਜ ਇਹ ਸਮੱਸਿਆ ਖੜ੍ਹੀ ਹੋਈ ਹੈ। ਦੂਜੇ ਪਾਸੇ ਝੱਖੜ ਨਾਲ ਦਰਜਨਾਂ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਵੀ ਵਿੱਚ ਡਿੱਗ ਗਏ ਹਨ। ਵੀਆਈਪੀ ਰੋਡ ’ਤੇ ਡਿੱਗੇ ਇਸ਼ਤਿਹਾਰੀ ਹੋਰਡਿੰਗ ਤੇ ਖੰਭੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਪਾਵਰਕੌਮ ਦੇ ਐਕਸੀਅਨ ਐੱਚਐੱਸ ਓਬਰਾਏ ਨੇ ਦੱਸਿਆ ਕਿ ਬੀਤੀ ਰਾਤ ਤੋਂ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਕ ਟਾਵਰ ਨੂੰ ਠੀਕ ਕਰਨ ਵਿੱਚ ਘੱਟ ਤੋਂ ਘੱਟ 8 ਘੰਟੇ ਲੱਗਣਗੇ। ਉਨ੍ਹਾਂ ਸੰਭਾਵਨਾ ਜਤਾਈ ਹੈ ਕਿ 24 ਘੰਟੇ ਸਪਲਾਈ ਬਹਾਲ ਕਰਨ ਨੂੰ ਲੱਗਣਗੇ। ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਬਿਜਲੀ ਸਪਲਾਈ ਸੁਚਾਰੂ ਕਰਵਾਉਣ ਲਈ ਉਹ ਸਾਰੇ ਕੰਮ ਦੀ ਨਿਗਰਾਨੀ ਕਰ ਰਹੇ ਹਨ। ਫਿਲਹਾਲ ਜਨਰੇਟਰਾਂ ਰਾਹੀਂ ਟਿਊਬਵੈੱਲ ਚਲਾ ਕੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਟੈਂਕਰਾਂ ਰਾਹੀਂ ਪ੍ਰਭਾਵਿਤ ਖੇਤਰ ਵਿੱਚ ਪਾਣੀ ਸਪਲਾਈ ਕਰਵਾਇਆ ਜਾ ਰਿਹਾ ਹੈ।