ਪਾਲ ਸਿੰਘ ਨੌਲੀ
ਜਲੰਧਰ, 25 ਅਪਰੈਲ
ਪਾਵਰਕੌਮ ਨੇ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਨ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਐਕਸੀਅਨ, ਐੱਸਡੀਓ, ਜੇਈ ਤੇ ਲਾਈਨਮੈਨ ਸ਼ਾਮਲ ਹੋਣਗੇ। ਡਿਫਾਲਟਰਾਂ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ’ਤੇ ਰੋਜ਼ਾਨਾ ਪ੍ਰਗਤੀ ਰਿਪੋਰਟ ਦੀ ਨਜ਼ਰਸਾਨੀ ਹੋਵੇਗੀ। ਜੂਨ ਮਹੀਨੇ ਵਿੱਚ ਜਦੋਂ ਝੋਨੇ ਦੀ ਬਿਜਾਈ ਸ਼ੁਰੂ ਹੋਣੀ ਹੈ ਤਾਂ ਪਾਵਰਕੌਮ ’ਤੇ ਇਕਦਮ ਲੋਡ ਵਧ ਜਾਣਾ ਹੈ। ਇਸ ਲਈ ਟਰਾਂਸਫਾਰਮਰਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਪਾਵਰਕੌਮ ਦੇ ਸੂਤਰਾਂ ਅਨੁਸਾਰ ਹਰ ਸਾਲ 1500 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਇਸ ਨੂੰ ਰੋਕਣ ਲਈ ਵਿਭਾਗ ਵੱਲੋਂ ਸਖਤੀ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਾਵਰਕੌਮ ਦੇ ਡਿਪਟੀ ਚੀਫ ਇੰਜਨੀਅਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਜਿਹੜੇ ਸਰਕਾਰੀ ਅਦਾਰੇ ਬਿਜਲੀ ਦਾ ਬਿੱਲ ਸਮੇਂ ਸਿਰ ਨਹੀਂ ਭਰ ਰਹੇ ਤੇ ਡਿਫਾਲਟਰ ਹੋ ਚੁੱਕੇ ਹਨ, ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਮ ਉਪਭੋਗਤਾਵਾਂ ਅਤੇ ਸਰਕਾਰੀ ਵਿਭਾਗਾਂ ਵੱਲ ਪਾਵਰਕੌਮ ਦੇ 150 ਕਰੋੜ ਰੁਪਏ ਬਕਾਇਆ ਹਨ। ਜਿਹੜੇ ਡਿਫਾਲਟਰਾਂ ਨੇ ਨੋਟਿਸ ਭੇਜਣ ਦੇ ਬਾਵਜੂਦ ਬਿੱਲ ਜਮ੍ਹਾਂ ਨਹੀਂ ਕਰਵਾਏ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪਾਵਰਕੌਮ ਦੇ ਐਨਫੋਰਸਮੈਂਟ ਵਿੰਗ ਨੇ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰੀ ਜ਼ੋਨ, ਜਿਸ ਵਿਚ ਦੋਆਬੇ ਦੇ ਚਾਰੇ ਜ਼ਿਲ੍ਹੇ ਆਉਂਦੇ ਹਨ, ਵਿੱਚ ਪਿਛਲੇ ਪੰਜਾਂ ਸਾਲਾਂ ’ਚ 4015 ਬਿਜਲੀ ਚੋਰੀ ਦੇ ਕੇਸ ਦਰਜ ਹੋ ਚੁੱਕੇ ਹਨ।