ਖੇਤਰੀ ਪ੍ਰਤੀਨਿਧ
ਪਟਿਆਲਾ, 20 ਮਾਰਚ
ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਵੱਖ-ਵੱਖ ਵਿਭਾਗ ਸਰਗਰਮ ਹੋ ਗਏ ਹਨ। ਕੁਝ ਮਹੀਨਿਆਂ ਮਗਰੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਵਰਗਾ ਮਹੱਤਵਪੂਰਨ ਅਦਾਰਾ ਵੀ ਹਰਕਤ ’ਚ ਆ ਗਿਆ ਹੈ। ਵਿਭਾਗ ਨੇ ਝੋਨੇ ਦੇ ਆਗਾਮੀ ਸੀਜ਼ਨ ਦੌਰਾਨ ਖੇਤੀਬਾੜੀ ਖਪਤਕਾਰਾਂ ਨੂੰ ਅੱਠ ਘੰਟੇ ਅਤੇ ਬਾਕੀ ਸ਼੍ਰੇਣੀਆਂ ਦੇ ਖ਼ਪਤਕਾਰਾਂ ਤੇ ਸਨਅਤ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।
ਇੱਕ ਅੰਦਾਜ਼ੇ ਮੁਤਾਬਕ ਇਸ ਵਾਰ ਪਿਛਲੇ ਸੀਜ਼ਨ ਦੇ ਮੁਕਾਬਲੇ ਕਰੀਬ ਦੋ ਹਜ਼ਾਰ ਮੈਗਾਵਾਟ ਬਿਜਲੀ ਦੀ ਵੱੱਧ ਲੋੜ ਪੈਣ ਦਾ ਅਨੁਮਾਨ ਹੈ, ਜਿਸ ਕਰਕੇ ਪਿਛਲੇ 13,148 ਮੈਗਾਵਾਟ ਦੇ ਮੁਕਾਬਲੇ ਇਸ ਵਾਰ 15,500 ਮੈਗਾਵਾਟ ਬਿਜਲੀ ਸਪਲਾਈ ਦਾ ਪ੍ਰਬੰਧ ਕੀਤਾ ਜਾਣਾ ਹੈ। ਪਾਵਰਕੌਮ ਨੇ ਇਸ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਕਾਰਪੋਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅਚਾਨਕ ਗਰਮੀ ਵਧਣ ਕਰਕੇ ਕਣਕ ਨੂੰ ਪਾਣੀ ਲਗਾਉਣ ਲਈ ਪਿਛਲੇ ਸਾਲ 7000 ਮੈਗਾਵਾਟ ਦੇ ਮੁਕਾਬਲੇ ਅੱਜ 8650 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 2021 ਦੀਆਂ ਗਰਮੀਆਂ ਵਿੱਚ ਬਿਜਲੀ ਦੀ ਮੰਗ ਵੱਧ ਤੋਂ ਵੱਧ 13,148 ਮੈਗਾਵਾਟ ਸੀ ਪਰ ਆਉਣ ਵਾਲੇ ਗਰਮੀਆਂ ਦੇ ਸੀਜ਼ਨ ਵਿੱਚ ਇਹ ਮੰਗ 15,000 ਤੋਂ ਲੈ ਕੇ 15,500 ਮੈਗਾਵਾਟ ਹੋਵੇਗੀ। ਜੂਨ ਤੋਂ ਸਤੰਬਰ 2022 ਤੱਕ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਮੇਘਾਲਿਆ ਤੋਂ 2000-2500 ਮੈਗਾਵਾਟ ਬਿਜਲੀ ਬੈਂਕਿੰਗ ਸਿਸਟਮ ਰਾਹੀਂ ਲਈ ਜਾਵੇਗੀ। ਪਾਵਰ ਕਾਰਪੋਰੇਸ਼ਨ ਨੇ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਦੇ ਅਗਾਊਂ ਪ੍ਰਬੰਧ ਕਰ ਲਏ ਹਨ।