ਖੇਤਰੀ ਪ੍ਰਤੀਨਿਧ
ਪਟਿਆਲਾ, 15 ਅਕਤੂਬਰ
ਸੂਬੇ ਵਿਚ ਕਈ ਦਿਨਾਂ ਤੋਂ ਕੋਲਾ ਸੰਕਟ ਜਾਰੀ ਹੈ। ਉਂਜ ਕੋਲੇ ਸੰਕਟ ਦੌਰਾਨ ਅੱਜ ਕਈ ਦਿਨਾਂ ਮਗਰੋਂ ਪਾਵਰਕੌਮ ਨੂੰ ਸਸਤੀ ਦਰ ’ਤੇ ਬਿਜਲੀ ਮਿਲੀ ਹੈ। ਅੱਜ ਪਾਵਰਕੌਮ ਨੂੰ ਓਪਨ ਐਕਸਚੇਂਜ ਵਿਚੋਂ ਕਰੀਬ 6.48 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁੱਲ ਮਿਲੀ। ਇਸ ਮਹੀਨੇ ਦੇ ਸ਼ੁਰੂ ’ਚ ਭਾਵੇਂ ਓਪਨ ਐਕਸਚੇਂਜ ’ਚ ਬਿਜਲੀ ਦੇ ਰੇਟ ਕਾਫ਼ੀ ਘੱਟ ਸਨ ਪਰ ਇਹ ਰੇਟ ਇਕਦਮ ਚੜ੍ਹ ਗਏ। ਇੱਕ ਦਿਨ ਪਹਿਲਾਂ ਹੀ ਪਾਵਰਕੌਮ ਨੇ ਪ੍ਰਤੀ ਯੂਨਿਟ ਦੀ 10 ਰੁਪਏ ਤੋਂ ਵੀ ਵੱਧ ਅਦਾਇਗੀ ਕੀਤੀ ਸੀ ਪਰ 15 ਅਕਤੂਬਰ ਨੂੰ ਕਈ ਦਿਨਾਂ ਮਗਰੋਂ ਪਾਵਰਕੌਮ ਨੂੰ ਬਿਜਲੀ ਸਸਤੀ ਮਿਲੀ ਹੈ। ਅੱਜ ਪਾਵਰਕੌਮ ਨੇ 23.88 ਮਿਲੀਅਨ ਯੂਨਿਟ ਬਿਜਲੀ ਦੀ ਖਰੀਦ ਕੀਤੀ। ਸੂਬੇ ’ਚ ਅੱਜ ਬਿਜਲੀ ਦੀ ਮੰਗ ਕਰੀਬ 7 ਹਜ਼ਾਰ ਮੈਗਾਵਾਟ ਰਹੀ। ਉਧਰ ਅੱਜ ਵੀ ਵੱਖ ਵੱਖ ਥਰਮਲ ਪਲਾਂਟਾਂ ਦੇ ਪੰਜ ਯੂਨਿਟ ਕੋਲੇ ਦੀ ਘਾਟ ਤੇ ਹੋਰ ਕਾਰਨਾਂ ਕਰਕੇ ਬੰਦ ਰਹੇ। ਰੋਪੜ ਥਰਮਲ ਦਾ ਇੱਕ ਯੂਨਿਟ ਤਾਂ ਕਾਫ਼ੀ ਸਮੇਂ ਤੋਂ ਬੰਦ ਹੀ ਪਿਆ ਹੈ। ਜਦਕਿ ਇੱਕ ਹੋਰ ਯੂਨਿਟ ਅੱਜ ਬੰਦ ਹੋ ਗਿਆ। ਤਲਵੰਡੀ ਸਾਬੋ ਥਰਮਲ ਦਾ ਤਿੰਨਾਂ ਵਿਚੋਂ ਇੱਕ ਯੂਨਿਟ ਬੰਦ ਪਿਆ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰ ਵਿਚੋਂ ਦੋ ਯੂਨਿਟ ਹੀ ਚੱਲ ਰਹੇ ਹਨ ਕਿਉਂਕਿ ਇੱਕ ਯੂਨਿਟ ਚਾਰ ਕੁ ਦਿਨਾਂ ਤੋਂ ਬੰਦ ਹੈ, ਜਦਕਿ ਇੱਕ ਯੂਨਿਟ ਕੱਲ੍ਹ ਬੰਦ ਹੋ ਗਿਆ ਸੀ।