ਖੇਤਰੀ ਪ੍ਰਤੀਨਿਧ
ਪਟਿਆਲਾ, 17 ਮਈ
ਹਲਕਾ ਘਨੌਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਠੇਕੇਦਾਰ ਮਦਨ ਲਾਲ ਜਲਾਲਪੁਰ ਦੇ ਫਰਜ਼ੰਦ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੂੰ ਚੰਨੀ ਸਰਕਾਰ ਦੌਰਾਨ ਦੋ ਸਾਲਾਂ ਲਈ ਪਾਵਰਕੌਮ ਦਾ ਪ੍ਰਬੰਧਕੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਪਰ ‘ਆਪ’ ਸਰਕਾਰ ਵੱਲੋਂ ਅੱਜ ਜੌਲੀ ਦੀਆਂ ਇਸ ਅਹੁਦੇ ਲਈ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਜੌਲੀ ਦਾ ਕਹਿਣਾ ਸੀ ਕਿ ਇਹ ਸੰਵਿਧਾਨਕ ਅਹੁਦਾ ਹੈ ਤੇ ਇਸ ’ਤੇ ਨਿਯੁਕਤੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਨ ਮਗਰੋਂ ਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪਹਿਲਾਂ ਆਪਣੀ ਪਾਰਟੀ ਹਾਈਕਮਾਨ ਨਾਲ ਸਲਾਹ ਕਰਨਗੇ ਤੇ ਉਸ ਮੁਤਾਬਿਕ ਹੀ ਕੋਈ ਅਗਲਾ ਕਦਮ ਪੁੱਟਿਆ ਜਾਵੇਗਾ।