ਰਵੇਲ ਸਿੰਘ ਭਿੰਡਰ
ਪਟਿਆਲਾ, 9 ਜੂਨ
ਪੰਜਾਬ ਅੰਦਰ 10 ਜੂਨ ਤੋਂ ਆਰੰਭ ਹੋ ਰਹੇ ਸੀਜ਼ਨ ਲਈ ਪਾਵਰਕੌਮ ਨੇ ਦਿਨ-ਰਾਤ ਦੇ ਤਿੰਨ ਗਰੁੱਪਾਂ ਵਿੱਚ ਰੋਜ਼ਾਨਾ ਅੱਠ ਘੰਟੇ ਨਿਰਵਿਘਨ ਖੇਤੀ ਸਪਲਾਈ ਛੱਡਣ ਲਈ ਤਿਆਰੀ ਮੁਕੰਮਲ ਕਰ ਲਈ ਹੈ। ਬਿਜਲੀ ਪ੍ਰਬੰਧਾਂ ਨੂੰ ਲੈ ਕੇ ਅੱਜ ਮੁੱਖ ਦਫ਼ਤਰ ਵਿੱਚ ਹੋਈ ਅਹਿਮ ਬੈਠਕ ਦੌਰਾਨ ਪ੍ਰਾਈਵੇਟ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਨੂੰ ਪੂਰੀ ਸਮਰੱਥਾ ’ਤੇ ਚਲਾਉਣ ਦੀ ਹਰੀ ਝੰਡੀ ਦਿੱਤੀ ਗਈ ਹੈ। ਪੈਡੀ ਸੀਜ਼ਨ ਲਈ ਪੰਜਾਬ ਅੰਦਰ ਐਤਕੀਂ 14 ਲੱਖ ਖੇਤੀ ਟਿਊਬਵੈੱਲ ਸਰਗਰਮ ਹੋਣਗੇ। ਝੋਨੇ ਦੇ ਸੀਜ਼ਨ ਦੌਰਾਨ ਸੂਬੇ ਅੰਦਰ 27 ਲੱਖ ਹੈਕਟੇਅਰ ਦੇ ਕਰੀਬ ਝੋਨਾ ਲੱਗਣ ਦੀ ਉਮੀਦ ਹੈ, ਤੇ ਵਧੇਰੇ ਕਰਕੇ ਇਹ ਝੋਨਾ ਖੇਤੀ ਟਿਊਬਵੈਲਾਂ ’ਤੇ ਹੀ ਆਧਾਰਿਤ ਹੋਵੇਗਾ। ਪਾਵਰਕੌਮ ਨੇ ਰੁਟੀਨ ’ਚ ਚਾਰ ਘੰਟੇ ਦਿੱਤੀ ਜਾ ਰਹੀ ਖੇਤੀ ਸਪਲਾਈ ਨੂੰ ਵਧਾ ਕੇ ਅੱਠ ਘੰਟੇ ਕਰ ਦਿੱਤਾ ਹੈ ਤੇ ਅੱਧੀ ਰਾਤ ਮਗਰੋਂ ਖੇਤੀ ਸਪਲਾਈ ਦਾ ਸ਼ਡਿਊਲ ਲਾਗੂ ਹੋ ਜਾਵੇਗਾ। ਮੁੱਖ ਦਫ਼ਤਰ ’ਚ ਹੋਈ ਮੀਟਿੰਗ ਦੌਰਾਨ ਉੱਚ ਅਧਿਕਾਰੀਆਂ ਨੇ ਬਿਜਲੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ 1400 ਮੈਗਾਵਾਟ ਆਧਾਰਿਤ ਰਾਜਪੁਰਾ ਥਰਮਲ ਪਲਾਂਟ ਨੂੰ ਪੂਰੀ ਸਮਰੱਥਾ ’ਤੇ ਚਲਾਉਣ ਦੀ ਹਰੀ ਝੰਡੀ ਵੀ ਦਿੱਤੀ। ਉਂਜ ਪਾਵਰਕੌਮ ਨੇ ਆਪਣੇ ਥਰਮਲਾਂ ਨੂੰ ਹਾਲੇ ਚਲਾਉਣ ਤੋਂ ਗੁਰੇਜ਼ ਕਰਦਿਆਂ ਬਿਜਲੀ ਐਕਸਚੇਂਜ ਮੁੰਬਈ ਤੋਂ ਬੋਲੀ ਜ਼ਰੀਏ ਸਸਤੀਆਂ ਦਰਾਂ ’ਤੇ ਲੈਣ ਦੀ ਰਣਨੀਤੀ ’ਤੇ ਪਹਿਰਾ ਦੇਣ ਦਾ ਨਿਰਣਾ ਲਿਆ ਹੈ। ਇਸ ਦੌਰਾਨ ਪਾਵਰਕੌਮ ਦੇ ਤਿੰਨ ਡਾਇਰੈਕਟਰਾਂ ਦੇ ਅਹੁਦਿਆਂ ’ਤੇ ਨਿਯੁਕਤੀਆਂ ਲਈ ਭਲਕੇ 10 ਜੂਨ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਸਿਲੈਕਸ਼ਨ ਕਮੇਟੀ ਦੀ ਆਨਲਾਈਨ ਬੈਠਕ ਹੋ ਰਹੀ ਹੈ।
ਝੋਨੇ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿਆਂਗੇ: ਅਮਰਿੰਦਰ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਝੋਨੇ ਦੀ ਲੁਆਈ ਲਈ ਖੇਤੀ ਸੈਕਟਰ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਲੁਆਈ ਮੌਕੇ ਕੋਵਿਡ ਸੁਰੱਖਿਆ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰ ਮਾਸਕ ਪਹਿਨਣ ਅਤੇ ਅਧਿਕਾਰੀਆਂ ਦੇ ਮਸ਼ਵਰਿਆਂ ਦੀ ਪਾਲਣਾ ਕਰਨ। ਅਮਰਿੰਦਰ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ’ਤੇ ਵੀ ਤਸੱਲੀ ਪ੍ਰਗਟਾਈ।