ਬਲਵਿੰਦਰ ਰੈਤ
ਨੂਰਪੁਰ ਬੇਦੀ, 6 ਜੁਲਾਈ
ਪਾਵਰਕੌਮ ਦੇ ਨੱਕੀਆਂ ਬਿਜਲੀ ਪਾਵਰ ਹਾਊਸ ਵਿੱਚ ਤਕਨੀਕੀ ਨੁਕਸ ਪੈਣ ਨਾਲ ਨੂਰਪੁਰ ਬੇਦੀ ਖਿਤੇ ਵਿੱਚ ਬਿਜਲੀ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਸਖ਼ਤ ਗਰਮੀ ਦੇ ਮੌਸਮ ਵਿੱਚ ਪਾਵਰਕੌਮ ਵੱਲੋਂ ਲਗਾਏ ਜਾ ਰਹੇ ਬਿਜਲੀ ਦੇੇ ਲੰਮੇ ਕੱਟਾਂ ਨੇ ਲੋਕਾਂ ਦੀ ਹਾਲਤ ਖਰਾਬ ਕਰ ਦਿੱਤੀ ਹੈ। ਬਿਜਲੀ ਦੀ ਸਪਲਾਈ ਨਾ ਮਾਤਰ ਹੋਣ ਕਾਰਨ ਪਾਣੀ ਦੀ ਸਪਲਾਈ ਦੀ ਵੀ ਗੰਭੀਰ ਸਮੱਸਿਆ ਬਣ ਗਈ ਹੈ। ਖੇਤਰ ਦੇ ਪਿੰਡਾਂ ਵਿੱਚ ਬਿਜਲੀ ਦੇ ਤਿੰਨ-ਤਿੰਨ ਘੰਟਿਆਂ ਦੇ ਲੰਮੇ ਕੱਟ ਲਗਾਏ ਜਾ ਰਹੇ ਹਨ। ਗਰਮੀ ਦੇ ਮੌਸਮ ਵਿੱਚ ਬੱਚਿਆਂ ਦਾ ਬੁਰਾ ਹਾਲ ਹੈ। ਨੱਕੀਆ ਪਾਵਰ ਹਾਊਸ ਤੋਂ ਬਿਜਲੀ ਸਪਲਾਈ ਦਾ ਸਿਸਟਮ ਫੇਲ੍ਹ ਹੋਣ ਕਾਰਕੇ ਨੂਰਪੁਰ ਬੇਦੀ ਖੇਤਰ ਲਈ ਰੂਪਨਗਰ ਦੇ 66 ਕੇਵੀ ਸਬ-ਸਟੇਸ਼ਨ ਤੋਂ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਜਿਸ ’ਤੇ ਬਿਜਲੀ ਦਾ ਭਾਰੀ ਲੋਡ ਦੱਸਿਆ ਗਿਆ ਹੈ।
ਬਿਜਲੀ ਸਪਲਾਈ ਜਲਦੀ ਠੀਕ ਕੀਤੀ ਜਾਵੇਗੀ: ਐਕਸੀਅਨ
ਪਾਵਰਕੌਮ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਡਿਵੀਜ਼ਨ ਦੇ ਐਕਸੀਅਨ ਹਰਿੰਦਰਜੀਤ ਸਿੰਘ ਨਾਲ ਬਿਜਲੀ ਦੇ ਮਾੜੇ ਪ੍ਰਬੰਧਾਂ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਨੱਕੀਆ ਬਿਜਲੀ ਘਰ ’ਚ ਨੁਕਸ ਪੈਣ ਨਾਲ ਬਿਜਲੀ ਦੀ ਸਪਲਾਈ ’ਚ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਕੰਮ ਚਲਾਉਣ ਲਈ ਨੂਰਪੁਰ ਬੇਦੀ ਖੇਤਰ ਨੂੰ ਰੂਪਨਗਰ ਤੋਂ ਬਿਜਲੀ ਦੀ ਸਪਲਾਈ ਲਈ ਗਈ ਹੈ। ਬਿਜਲੀ ਦਾ ਜਿਆਦਾ ਲੋਡ ਹੋਣ ਕਾਰਣ ਕੱਟ ਲਗਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਨੱਕੀਆ ਪਾਵਰ ਹਾਊਸ ਵਿਚ ਕੰਮ ਚੱਲ ਰਿਹਾ ਹੈ ਤੇ ਅੱਜ ਇੱਕ ਮਸ਼ੀਨ ਦੇ ਠੀਕ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਨੂਰਪੁਰ ਬੇਦੀ ਖਿਤੇ ਵਿੱਚ ਬਿਜਲੀ ਦੀ ਸਮੱਸਿਆ ਨੂੰ ਜਲਦੀ ਠੀਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ।