ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ -25 ਅਗਸਤ
ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਇੱਥੇ ਸ੍ਰੀ ਦਰਬਾਰ ਸਾਹਿਬ ਵਿਚ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ 28 ਅਗਸਤ ਨੂੰ ਮਨਾਇਆ ਜਾ ਰਿਹਾ ਹੈ।
ਸ੍ਰੀ ਦਰਬਾਰ ਸਾਹਿਬ ਨੂੰ ਸਜਾਉਣ ਵਾਸਤੇ ਲਗਪਗ ਛੇ ਟਰੱਕ ਫੁੱਲਾਂ ਦੇ ਮੰਗਵਾਏ ਗਏ ਹਨ, ਜਿਨ੍ਹਾਂ ਵਿੱਚੋਂ ਚਾਰ ਟਰੱਕ ਇੱਥੇ ਪੁੱਜ ਗਏ ਹਨ ਅਤੇ ਬਾਕੀ ਦੋ ਟਰੱਕ ਸ਼ੁੱਕਰਵਾਰ ਤੱਕ ਪੁੱਜਣ ਦੀ ਸੰਭਾਵਨਾ ਹੈ। ਇਨ੍ਹਾਂ ਫੁੱਲਾਂ ਨਾਲ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ, ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਆਦਿ ਨੂੰ ਸਜਾਇਆ ਜਾਵੇਗਾ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਦਿੱਲੀ ਵਾਸੀ ਇੱਕ ਸ਼ਰਧਾਲੂ ਵੱਲੋਂ ਫੁੱਲਾਂ ਦੀ ਸਜਾਵਟ ਦੀ ਇਹ ਸੇਵਾ ਕਰਵਾਈ ਜਾ ਰਹੀ ਹੈ ਜੋ ਇਹ ਸੇਵਾ ਪਿਛਲੇ ਕੁਝ ਵਰ੍ਹਿਆਂ ਤੋਂ ਲਗਾਤਾਰ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫੁੱਲਾਂ ਦੀ ਸਜਾਵਟ ਦਾ ਕੰਮ 27 ਅਗਸਤ ਰਾਤ ਤੱਕ ਮੁਕੰਮਲ ਹੋ ਜਾਵੇਗਾ। ਸਜਾਵਟ ਲਈ ਵਿੱਚ ਦੇਸ਼ ਵਿਦੇਸ਼ ਤੋਂ ਫੁੱਲ ਮੰਗਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਜਾਵਟ ਵਾਸਤੇ ਜਿੱਥੇ ਮਾਹਿਰ ਕਾਰੀਗਰ ਸੱਦੇ ਗਏ ਹਨ, ਉੱਥੇ ਸ਼ਰਧਾਲੂ ਵੀ ਸੇਵਾ ਵਿੱਚ ਹਿੱਸਾ ਲੈ ਰਹੇ ਹਨ। ਮਿਲੇ ਵੇਰਵਿਆਂ ਮੁਤਾਬਕ ਇੱਥੇ ਸਜਾਵਟ ਵਾਸਤੇ ਇਹ ਫੁੱਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਾਲੈਂਡ, ਥਾਈਲੈਂਡ, ਚੀਨ, ਯੂਰੋਪ ਤੇ ਹੋਰ ਕਈ ਮੁਲਕਾਂ ਤੋਂ ਦਿੱਲੀ ਪਹੁੰਚਦੇ ਸਨ, ਜਿਥੋਂ ਇਹ ਫੁੱਲ ਇੱਥੇ ਲਿਆਂਦੇ ਗਏ ਹਨ। ਇਨ੍ਹਾਂ ਫੁੱਲਾਂ ਵਿਚ ਵੱਖ ਵੱਖ ਕਿਸਮਾਂ ਦੇ ਰੰਗ ਬਿਰੰਗੇ ਫੁੱਲ ਸ਼ਾਮਲ ਹਨ।