ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਅਗਸਤ
1947 ਵਿੱਚ ਦੇਸ਼ ਦੀ ਵੰਡ ਵੇਲੇ ਹਿੰਸਾ ਦਾ ਸ਼ਿਕਾਰ ਹੋਏ ਦਸ ਲੱਖ ਪੰਜਾਬੀਆਂ ਦੀ ਯਾਦ ਵਿੱਚ ਅੱਜ ਇਥੇ ਅਕਾਲ ਤਖ਼ਤ ਵਿਖੇ ਸਮੂਹਿਕ ਅਰਦਾਸ ਕੀਤੀ ਗਈ। ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਵਿੱਚ ਸ਼ਾਮਲ ਹੁੰਦਿਆਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਖਿਆ ਕਿ ਉਹ ਵੰਡ ਵੇਲੇ ਮਾਰੇ ਲੋਕਾਂ ਦੀ ਯਾਦ ਵਿੱਚ ਆਪੋ ਆਪਣੀ ਸੰਸਦ ਵਿੱਚ ਸੋਗ ਮਤੇ ਪਾਸ ਕਰਨ। ਉਸ ਵੇਲੇ ਉਜਾੜੇ ਦਾ ਸ਼ਿਕਾਰ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀ ਜਨਮ ਭੋਇੰ ਵੇਖਣ ਵਾਸਤੇ ਵੀਜ਼ੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 75 ਵਰ੍ਹੇ ਬੀਤ ਗਏ ਹਨ ਅਤੇ ਆਜ਼ਾਦੀ ਦੇ ਜਸ਼ਨ ਮਨਾਉਂਦਿਆਂ ਇਹ ਆਜ਼ਾਦੀ ਦਿਵਸ ਧੂਮ ਧੜੱਕੇ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਹੈ ਪਰ ਅਫ਼ਸੋਸ ਹੈ ਕਿ ਉਸ ਵੇਲੇ ਵੰਡ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵੱਲੋਂ ਅੱਜ ਇਨ੍ਹਾਂ ਮਾਰੇ ਲੋਕਾਂ ਦੀ ਯਾਦ ਵਿਚ ਸਮੂਹਿਕ ਅਰਦਾਸ ਕੀਤੀ ਗਈ ਹੈ। ਇਹ ਅਰਦਾਸ ਸਿਰਫ ਅਕਾਲ ਤਖ਼ਤ ਵਿਖੇ ਹੀ ਨਹੀਂ ਸਗੋਂ ਤਖ਼ਤ ਦਮਦਮਾ ਸਾਹਿਬ, ਤਖ਼ਤ ਕੇਸਗੜ੍ਹ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਕੀਤੀ ਗਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀ ਆਜ਼ਾਦੀ ਵਿੱਚ ਜਿਨ੍ਹਾਂ ਦੋ ਸੂਬਿਆਂ ਪੰਜਾਬ ਅਤੇ ਬੰਗਾਲ ਨੇ ਅਹਿਮ ਭੂਮਿਕਾ ਨਿਭਾਈ ਸੀ ਉਨ੍ਹਾਂ ਦੋਹਾਂ ਸੂਬਿਆਂ ਨੂੰ ਹੀ ਵੰਡ ਵੇਲੇ ਸਜ਼ਾ ਦਿੱਤੀ ਗਈ ਹੈ। ਇਹ ਦੋਹਾਂ ਸੂਬਿਆਂ ਦੇ ਵਿੱਚ ਵੰਡ ਹੋਈ ਅਤੇ ਲੋਕ ਵੰਡੇ ਗਏ ਤੇ ਮਾਰੇ ਗਏ। ਅੱਜ ਦੀ ਸਮੂਹਿਕ ਅਰਦਾਸ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਅਧਿਕਾਰੀ ਤੇ ਸੰਗਤਾਂ ਹਾਜ਼ਰ ਸਨ।