ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਕਤੂਬਰ
ਭਾਰਤ ਦੇ ਚੋਣ ਕਮਿਸ਼ਨ ਨੇ ਨਵੇਂ ਸਾਲ ’ਚ ਪੰਜ ਸੂਬਿਆਂ ਪੰਜਾਬ, ਗੋਆ, ਮਨੀਪੁਰ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀ ਵਿੱਢ ਦਿੱਤੀ ਹੈ। ਇਨ੍ਹਾਂ ਰਾਜਾਂ ਦੇ ਮੁੱਖ ਸਕੱਤਰਾਂ ਤੇ ਸੂਬਾ ਚੋਣ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਰਿਹਾਇਸ਼ੀ ਅਤੇ ਲਗਾਤਾਰ 3 ਸਾਲਾਂ ਤੋਂ ਇਥੇ ਤਾਇਨਾਤ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਕੜੀ ਤਹਿਤ ਮੋਗਾ ਤੋਂ ਲੁਧਿਆਣਾ, ਫ਼ਰੀਦਕੋਟ ਤੇ ਹੋਰਨਾਂ ਜ਼ਿਲ੍ਹਿਆਂ ’ਚੋਂ ਮੋਗਾ ਜ਼ਿਲ੍ਹੇ ’ਚ ਨਵੇਂ ਥਾਣੇਦਾਰਾਂ ਨੇ ਤਬਾਦਲੇ ਕਰਵਾ ਲਏ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਘਰੇਲੂ ਜ਼ਿਲ੍ਹੇ ਦੇ ਰਿਹਾਇਸ਼ੀ ਤੇ ਲਗਾਤਾਰ 3 ਸਾਲ ਤੋਂ ਤਾਇਨਾਤ ਥਾਣੇਦਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਜ਼ਿਲ੍ਹਿਆਂ (ਹੋਮ ਟਾਊਨ) ’ਚ ਲੰਮੇ ਸਮੇਂ ਤੋਂ ਇੱਕੋ ਥਾਂ ’ਤੇ ਬੈਠੇ ਪੁਲੀਸ ਮੁਲਾਜ਼ਮਾਂ ਨੇ ਹੁਣ ਆਪਣੇ ਲਈ ‘ਸੇਫ ਸਟੇਸ਼ਨ’ ਲੱਭਣੇ ਸ਼ੁਰੂ ਕਰ ਦਿੱਤੇ ਹਨ। ਇਸੇ ਕੜੀ ਤਹਿਤ ਮੋਗਾ ਜ਼ਿਲ੍ਹੇ ’ਚੋਂ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਲੁਧਿਆਣਾ, ਇੰਸਪੈਕਟਰ ਜਗਤਾਰ ਸਿੰਘ ਨੇ ਫ਼ਰੀਦਕੋਟ ਜ਼ਿਲ੍ਹੇ ’ਚ ਤੇ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਫ਼ਾਜਿਲਕਾ ਤੋਂ ਮੋਗਾ ਜ਼ਿਲ੍ਹੇ ’ਚੋਂ ਬਦਲੀ ਕਰਵਾ ਲਈ ਹੈ। ਇਥੇ ਜ਼ਿਲ੍ਹੇ ’ਚ ਬਹੁਤੇ ਥਾਣਾ ਮੁਖੀ ਪ੍ਰੋਬੇਸ਼ਨਰ ਸਬ-ਇੰਸਪੈਕਟਰ ਤਾਇਨਾਤ ਹਨ ਤੇ ਉਨ੍ਹਾਂ ਦਾ ਰਿਹਾਇਸ਼ੀ ਜ਼ਿਲ੍ਹਾ ਵੀ ਮੋਗਾ ਹੋਣ ਕਰ ਕੇ ਉਨ੍ਹਾਂ ਦੇ ਤਬਾਦਲੇ ਦੀ ਸੰਭਾਵਨਾ ਬਣੀ ਹੋਈ ਹੈ।